ਬਿਜਲੀ ਦੀਆਂ ਢਿੱਲੀਆਂ ਤੇ ਨੰਗੀਆਂ ਤਾਰਾਂ ਕਾਰਨ ਵਾਪਰ ਸਕਦੈ ਹਾਦਸਾ
Thursday, Oct 26, 2017 - 07:44 AM (IST)
ਗਿੱਦੜਬਾਹਾ (ਕੁਲਭੂਸ਼ਨ, ਸੰਧਿਆ) - ਇਥੋਂ ਦੇ ਮੁਹੱਲਾ ਬੈਂਟਾਬਾਦ ਦੀ ਗਲੀ ਭੈਰੋਂ ਵਾਲੀ 'ਚ ਬਿਜਲੀ ਦੀਆਂ ਢਿੱਲੀਆਂ ਤੇ ਨੰਗੀਆਂ ਤਾਰਾਂ ਤੋਂ ਗਲੀ ਵਾਸੀਆਂ ਦੇ ਨਾਲ-ਨਾਲ ਉਥੋਂ ਲੰਘਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗਲੀ ਵਾਸੀ ਰਮੇਸ਼ ਕੁਮਾਰ ਫੌਜੀ, ਹੰਸ ਰਾਜ ਗਿੱਟੀ, ਲਾਲ ਚੰਦ, ਰਵੀ ਕੁਮਾਰ, ਜਗਮੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ 'ਚ ਬੀਤੇ ਲੰਬੇ ਸਮੇਂ ਤੋਂ ਬਿਜਲੀ ਦੀਆਂ ਇਨ੍ਹਾਂ ਤਾਰਾਂ ਦੇ ਲਟਕਣ ਨਾਲ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਾਰਾਂ ਦੇ ਜੋੜ ਵੀ ਨੰਗੇ ਹਨ ਅਤੇ ਗਲੀ ਤੰਗ ਹੋਣ ਕਾਰਨ ਲੋਹੇ ਦਾ ਸਾਮਾਨ ਲਿਆਉਣ ਜਾਂ ਲਿਜਾਣ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ। ਦੂਜੇ ਪਾਸੇ ਜਦੋਂ ਇਸ ਸਬੰਧੀ ਪਾਵਰਕਾਮ ਦੇ ਐੱਸ. ਡੀ. ਓ. ਜਗਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ, ਜਦਕਿ ਤਾਰਾਂ ਬਦਲਣ ਆਦਿ ਦਾ ਐਸਟੀਮੇਟ ਬਣੇਗਾ ਤੇ ਜਿਥੋਂ ਤੱਕ ਤਾਰਾਂ ਦੇ ਨੰਗੇ ਜੋੜਾਂ ਦੀ ਗੱਲ ਹੈ, ਉਨ੍ਹਾਂ ਨੂੰ ਉਹ ਹੁਣੇ ਹੀ ਟੇਪ ਕਰਵਾ ਦਿੰਦੇ ਹਨ।
