ਸਰਹਿੰਦ ਨਹਿਰ ਦੇ ਪੁਲ ਨੇੜੇ ਜਮ੍ਹਾ ਗੰਦਾ ਪਾਣੀ; ਦੁਕਾਨਦਾਰਾਂ ''ਚ ਰੋਸ

07/20/2017 6:44:58 AM

ਰੂਪਨਗਰ,   (ਕੈਲਾਸ਼)-  ਸਰਹਿੰਦ ਨਹਿਰ 'ਤੇ ਬਣੇ ਪੁਰਾਣੇ ਪੁਲ ਨੇੜੇ 3 ਮਹੀਨਿਆਂ ਤੋਂ ਸੀਵਰੇਜ ਬਲਾਕ ਹੋਣ ਕਾਰਨ ਇਥੇ ਜਮ੍ਹਾ ਹੋ ਰਹੇ ਗੰਦੇ ਪਾਣੀ ਕਾਰਨ ਦੁਕਾਨਦਾਰਾਂ ਨੇ ਰੋਸ ਪ੍ਰਗਟਾਇਆ।
ਇਸ ਸਬੰਧੀ ਦੁਕਾਨਦਾਰਾਂ ਮੌਂਟੀ, ਰਾਕੇਸ਼, ਸਾਜਨ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ, ਸੁਖਦੇਵ ਸਿੰਘ, ਸਿਮਰਨ ਕੌਰ, ਹਰਦੀਪ ਸਿੰਘ ਆਦਿ ਨੇ ਦੱਸਿਆ ਕਿ ਪੁਰਾਣੇ ਪੁਲ ਨੇੜੇ ਸੀਵਰੇਜ ਦਾ ਇਕ ਗਟਰ ਹੈ, ਜੋ 3 ਮਹੀਨਿਆਂ ਤੋਂ ਬੰਦ ਪਿਆ ਹੈ ਤੇ ਇਸ ਦਾ ਗੰਦਾ ਪਾਣੀ ਬਾਹਰ ਨਿਕਲ ਕੇ ਪੁਲ 'ਤੇ ਜਮ੍ਹਾ ਹੋ ਰਿਹਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਾ ਪਾਣੀ ਜਮ੍ਹਾ ਹੋਣ ਕਾਰਨ ਗਾਹਕਾਂ ਨੇ ਹੁਣ ਉਨ੍ਹਾਂ ਦੀਆਂ ਦੁਕਾਨਾਂ 'ਚ ਆਉਣਾ ਵੀ ਘੱਟ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਮੱਸਿਆ ਤੋਂ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਕੌਂਸਲ ਦੇ ਕਰਮਚਾਰੀ ਗਟਰ ਦੀ ਸਫਾਈ ਲਈ ਇਥੇ ਪਹੁੰਚਦੇ ਹਨ ਤਾਂ ਨਿਕਾਸੀ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ, ਜਿਸ ਕਾਰਨ ਸਮੱਸਿਆ ਜਿਉਂ ਦੀ ਤਿਉਂ ਹੈ।
ਮਿਆਦ ਪੁਗਾ ਚੁੱਕੇ ਪੁਲ ਨੂੰ ਬਣਿਆ ਖਤਰਾ
ਪੁਰਾਣੇ ਬੱਸ ਅੱਡੇ ਨਾਲ ਸਰਹਿੰਦ ਨਹਿਰ 'ਤੇ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਪੁਲ 1982 'ਚ ਆਪਣੀ ਮਿਆਦ ਪੁਗਾ ਚੁੱਕਾ ਹੈ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਨੂੰ ਚਾਲੂ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਚੁੱਕੇ ਹਨ ਪਰ ਹੁਣ 3 ਮਹੀਨਿਆਂ ਤੋਂ ਹੋ ਰਹੀ ਸੀਵਰੇਜ ਦੇ ਪਾਣੀ ਦੀ ਲੀਕੇਜ ਨੇ ਪੁਲ ਲਈ ਖਤਰਾ ਪੈਦਾ ਕਰ ਦਿੱਤਾ ਹੈ। ਇਸ ਸਬੰਧੀ ਆਰਟੀਜਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਸ਼ਿਵਜੀਤ ਸਿੰਘ ਮਾਣਕੂ ਨੇ ਦੱਸਿਆ ਕਿ ਉਕਤ ਪੁਲ, ਜੋ ਸ਼ਹਿਰ ਨਿਵਾਸੀਆਂ ਲਈ ਇਕ ਪ੍ਰਵੇਸ਼ ਦੁਆਰ ਹੈ, ਸਬੰਧੀ ਵਰਤੀ ਜਾ ਰਹੀ ਲਾਪ੍ਰਵਾਹੀ ਭਿਆਨਕ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ। ਪੁਲ 'ਤੇ ਗੰਦਾ ਪਾਣੀ ਜਮ੍ਹਾ ਹੋਣ ਕਾਰਨ ਜਦੋਂ ਕੋਈ ਵਾਹਨ ਚਾਲਕ ਉਥੋਂ ਲੰਘਦਾ ਹੈ ਤਾਂ ਉਸ ਕਾਰਨ ਗੰਦੇ ਪਾਣੀ ਦੇ ਛਿੱਟੇ ਰਾਹਗੀਰਾਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਪੈਂਦੇ ਹਨ, ਜਿਸ ਕਾਰਨ ਕਈ ਵਾਰ ਝਗੜੇ ਵੀ ਹੁੰਦੇ ਦੇਖੇ ਜਾਂਦੇ ਹਨ।
ਜਲਦੀ ਹੋਵੇਗਾ ਸਮੱਸਿਆ ਦਾ ਹੱਲ : ਸੈਨੇਟਰੀ ਇੰਸਪੈਕਟਰ
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨੇ ਦੱਸਿਆ ਕਿ ਉਹ ਬੰਦ ਹੋਏ ਸੀਵਰੇਜ ਨੂੰ ਕਈ ਵਾਰ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਜਲਦ ਹੀ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਮੌਕਾ ਦਿਖਾ ਕੇ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।


Related News