ਬਾਲਟੀਮੋਰ ਪੁਲ ਹਾਦਸਾ: ਜਾਂਚ ਪੂਰੀ ਹੋਣ ਤੱਕ ਬੋਰਡ 'ਤੇ ਰਹੇਗਾ ਚਾਲਕ ਦਲ

Tuesday, Apr 02, 2024 - 11:20 AM (IST)

ਬਾਲਟੀਮੋਰ ਪੁਲ ਹਾਦਸਾ: ਜਾਂਚ ਪੂਰੀ ਹੋਣ ਤੱਕ ਬੋਰਡ 'ਤੇ ਰਹੇਗਾ ਚਾਲਕ ਦਲ

ਨਿਊਯਾਰਕ (ਭਾਸ਼ਾ): ਅਮਰੀਕਾ ਦੇ ਬਾਲਟੀਮੋਰ ਵਿਚ ਪਿਛਲੇ ਹਫਤੇ ਪੁਲ ਨਾਲ ਟਕਰਾਉਣ ਵਾਲੇ ਜਹਾਜ਼ ਦੇ 20 ਭਾਰਤੀ ਅਤੇ ਸ਼੍ਰੀਲੰਕਾਈ ਚਾਲਕ ਦਲ ਦਾ ਇਕ ਮੈਂਬਰ "ਜਹਾਜ ਵਿਚ ਆਮ ਡਿਊਟੀ ਨਿਭਾਉਣ ਵਿਚ ਰੁੱਝੇ ਹੋਏ ਹਨ" ਅਤੇ ਹਾਦਸੇ ਸਬੰਧੀ ਜਾਂਚ ਮੁਕੰਮਲ ਹੋਣ ਤੱਕ ਜਹਾਜ਼ ਵਿਚ ਹੀ ਰਹਿਣਗੇ। ਗ੍ਰੇਸ ਓਸ਼ੀਅਨ ਪੀਟੀਈ ਅਤੇ ਸਿਨਰਜੀ ਮਰੀਨ ਦੇ ਬੁਲਾਰੇ ਨੇ ਪੀਟੀਆਈ ਨੂੰ ਦੱਸਿਆ,“ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਹਾਜ਼ ਵਿੱਚ ਚਾਲਕ ਦਲ ਦੇ 21 ਮੈਂਬਰ ਸਵਾਰ ਹਨ। ਜਹਾਜ਼ ਵਿਚ ਸਵਾਰ ਚਾਲਕ ਦਲ ਦੇ ਮੈਂਬਰ ਆਪਣੀ ਸਾਧਾਰਨ ਡਿਊਟੀ ਨਿਭਾ ਰਹੇ ਹਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਕੋਸਟ ਗਾਰਡ ਦੀ ਜਾਂਚ ਵਿਚ ਮਦਦ ਕਰ ਰਹੇ ਹਨ। 

ਬਾਲਟੀਮੋਰ ਵਿਚ ਪੈਟਾਪਸਕੋ ਨਦੀ 'ਤੇ ਬਣਿਆ 2.6 ਕਿਲੋਮੀਟਰ ਲੰਬਾ ਫ੍ਰਾਂਸਿਸ ਸਕੌਟ ਕੀ ਬ੍ਰਿਜ ਉਸ ਸਮੇਂ ਢਹਿ ਗਿਆ, ਜਦੋਂ ਸ਼੍ਰੀਲੰਕਾ ਜਾ ਰਿਹਾ 984 ਫੁੱਟ ਲੰਬਾ ਕਾਰਗੋ ਜਹਾਜ਼ 26 ਮਾਰਚ ਨੂੰ ਪੁਲ ਦੇ ਇੱਕ ਖੰਭੇ ਨਾਲ ਟਕਰਾ ਗਿਆ। ਇਹ ਪੁੱਛੇ ਜਾਣ 'ਤੇ ਕਿ ਚਾਲਕ ਦਲ ਕਿੰਨੀ ਦੇਰ ਤੱਕ ਜਹਾਜ਼ 'ਤੇ ਰਹੇਗਾ, ਬੁਲਾਰੇ ਨੇ ਕਿਹਾ, "ਇਸ ਸਮੇਂ ਸਾਨੂੰ ਨਹੀਂ ਪਤਾ ਕਿ ਜਾਂਚ ਪ੍ਰਕਿਰਿਆ ਵਿੱਚ ਕਿੰਨਾ ਸਮਾਂ ਲੱਗੇਗਾ ਅਤੇ ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਚਾਲਕ ਦਲ ਜਹਾਜ਼ ਵਿੱਚ ਰਹੇਗਾ।" 

ਪੜ੍ਹੋ ਇਹ ਅਹਿਮ ਖ਼ਬਰ-ਧੋਖਾਧੜੀ ਮਾਮਲੇ 'ਚ ਟਰੰਪ ਨੂੰ ਰਾਹਤ, 45.4 ਕਰੋੜ ਡਾਲਰ ਜੁਰਮਾਨੇ ਦੀ ਬਜਾਏ ਚੁਕਾਈ ਇੰਨੀ ਰਾਸ਼ੀ

ਸਿੰਗਾਪੁਰ ਦੇ ਝੰਡੇ ਵਾਲੇ ਡਾਲੀ ਦੀ ਮਲਕੀਅਤ ਗ੍ਰੇਸ ਓਸ਼ਨ ਪੀਟੀਈ ਲਿਮਿਟੇਡ ਕੋਲ ਹੈ ਅਤੇ ਇਸ ਦਾ ਪ੍ਰਬੰਧਨ ਸਿਨਰਜੀ ਮਰੀਨ ਗਰੁੱਪ ਕਰਦਾ ਹੈ। ਦਿੱਲੀ ਵਿੱਚ ਵਿਦੇਸ਼ ਮੰਤਰਾਲੇ (MEA) ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਬਾਲਟੀਮੋਰ ਵਿੱਚ ਇੱਕ ਪੁਲ ਨਾਲ ਟਕਰਾਏ ਕਾਰਗੋ ਜਹਾਜ਼ ਵਿੱਚ 20 ਭਾਰਤੀ ਸਵਾਰ ਸਨ ਅਤੇ ਭਾਰਤੀ ਦੂਤਘਰ ਉਨ੍ਹਾਂ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫਤੇ ਡਾਲੀ ਜਹਾਜ਼ 'ਤੇ ਸਵਾਰ ਚਾਲਕ ਦਲ ਤੋਂ ਪੁੱਛਗਿੱਛ ਸ਼ੁਰੂ ਕੀਤੀ ਸੀ। ਸਿਨਰਜੀ ਗਰੁੱਪ ਨੇ ਇੱਕ ਬਿਆਨ ਵਿੱਚ ਕਿਹਾ ਕਿ NTSB (ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ) ਨੇ ਬੁੱਧਵਾਰ ਨੂੰ ਜਾਂਚ ਦੇ ਹਿੱਸੇ ਵਜੋਂ ਦਸਤਾਵੇਜ਼, ਟ੍ਰਿਪ ਡਾਟਾ ਰਿਕਾਰਡਰ ਦੀ ਜਾਣਕਾਰੀ ਅਤੇ ਹੋਰ ਸਬੂਤ ਇਕੱਠੇ ਕੀਤੇ। ਗ੍ਰੇਸ ਓਸ਼ੀਅਨ ਅਤੇ ਸਿਨਰਜੀ ਨੇ ਜਹਾਜ਼ 'ਤੇ ਸਵਾਰ ਸਾਰੇ ਚਾਲਕ ਦਲ ਦੇ ਮੈਂਬਰਾਂ ਅਤੇ ਦੋ ਪਾਇਲਟਾਂ ਦੀ ਸੁਰੱਖਿਆ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਚਾਲਕ ਦਲ ਦੇ ਇੱਕ ਮੈਂਬਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕਿਹਾ ਕਿ ਜ਼ਖਮੀ ਕਰੂ ਮੈਂਬਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਦਸੇ ਸਮੇਂ ਪੁਲ 'ਤੇ ਪਏ ਟੋਇਆਂ ਦੀ ਮੁਰੰਮਤ ਕਰ ਰਹੇ ਨਿਰਮਾਣ ਅਮਲੇ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਗੋਤਾਖੋਰਾਂ ਨੇ ਪਟਾਪਸਕੋ ਨਦੀ ਵਿੱਚ ਡੁੱਬੇ ਇੱਕ ਪਿਕਅੱਪ ਟਰੱਕ ਵਿੱਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਚਾਰ ਹੋਰਾਂ ਦੀ ਭਾਲ ਜਾਰੀ ਹੈ|

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News