ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Tuesday, Apr 02, 2024 - 04:38 PM (IST)
ਅਬੋਹਰ (ਸੁਨੀਲ) : ਸਥਾਨਕ ਠਾਕਰ ਅਬਾਦੀ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਨੇ ਆਰਥਿਕ ਤੰਗੀ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਅੱਜ ਪਿੰਡ ਤੂਤਵਾਲਾ ਅਤੇ ਗਿੱਦੜਾਂਵਾਲੀ ਵਿਚਕਾਰ ਗੰਗ ਨਹਿਰ ’ਚੋਂ ਮਿਲੀ ਹੈ। ਇਸ ’ਤੇ ਪੁਲਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਦੀ ਮਦਦ ਨਾਲ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ। ਮਿਲੀ ਜਾਣਕਾਰੀ ਅਨੁਸਾਰ ਰਾਜੀਵ ਪੁੱਤਰ ਇੰਦਰਰਾਜ ਵਾਸੀ ਠਾਕਰ ਅਬਾਦੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਹਿਲਾਂ ਮੋਬਾਈਲ ਦੀ ਦੁਕਾਨ ’ਤੇ ਕੰਮ ਕਰਦਾ ਸੀ ਪਰ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਉਸ ਨੇ ਦੁਕਾਨ ਛੱਡ ਦਿੱਤੀ ਸੀ। ਹੁਣ ਬੇਰੁਜ਼ਗਾਰ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਇਸ ਕਾਰਨ ਬੀਤੀ 30 ਮਾਰਚ ਨੂੰ ਉਹ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਮੋਟਰਸਾਈਕਲ ’ਤੇ ਅਚਾਨਕ ਕਿਤੇ ਚਲਾ ਗਿਆ ਅਤੇ ਸ਼ਾਮ ਤੱਕ ਘਰ ਨਹੀਂ ਆਇਆ, ਜਿਸ ਕਾਰਨ ਉਨ੍ਹਾਂ 31 ਮਾਰਚ ਨੂੰ ਸਿਟੀ ਥਾਣਾ ਨੰਬਰ 2 ’ਚ ਰਿਪੋਰਟ ਦਰਜ ਕਰਵਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਸਦਾ ਮੋਟਰਸਾਈਕਲ ਪਿੰਡ ਰੂਪਨਗਰ ਦੇ ਨੇੜੇ ਵੇਖਿਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਨਹਿਰ ਵਿਚ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਅੱਜ ਉਸਦੀ ਲਾਸ਼ ਤੂਤਵਾਲਾ ਅਤੇ ਗਿੱਦੜਾਂਵਾਲੀ ਵਿਚਕਾਰ ਨਹਿਰ ਵਿਚ ਪਈ ਦੇਖੀ। ਸੂਚਨਾ ਮਿਲਣ ’ਤੇ ਨਰ ਸੇਵਾ ਨਰਾਇਣ ਸੇਵਾ ਦੇ ਅਨੀਸ਼ ਨਰੂਲਾ ਬਿੱਟੂ ਅਤੇ ਸੋਨੂੰ ਗਰੋਵਰ ਨੇ ਉੱਥੇ ਪਹੁੰਚ ਕੇ ਪੁਲਸ ਦੀ ਮੌਜੂਦਗੀ ’ਚ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ।