DAP ਖਾਦ ਦੀ ਸਪਲਾਈ ’ਚ ਘਪਲੇਬਾਜ਼ੀ ਕਰਨ ਦੇ ਦੋਸ਼ ’ਚ 12 ਫਰਮਾਂ ਵਿਰੁੱਧ FIR ਦਰਜ

Monday, Nov 15, 2021 - 07:31 PM (IST)

DAP ਖਾਦ ਦੀ ਸਪਲਾਈ ’ਚ ਘਪਲੇਬਾਜ਼ੀ ਕਰਨ ਦੇ ਦੋਸ਼ ’ਚ 12 ਫਰਮਾਂ ਵਿਰੁੱਧ FIR ਦਰਜ

ਚੰਡੀਗੜ੍ਹ (ਬਿਊਰੋ)-ਡੀ. ਏ. ਪੀ. ਦੀ ਵੱਧ ਕੀਮਤ, ਜਮ੍ਹਾਖੋਰੀ ਅਤੇ ਟੈਗਿੰਗ ਸਬੰਧੀ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਥਿਤ ਤੌਰ ’ਤੇ ਵੱਧ ਕੀਮਤ ਵਸੂਲਣ, ਸਬਸਿਡੀ ਵਾਲੇ ਯੂਰੀਆ ਨੂੰ ਉਦਯੋਗਿਕ ਉਦੇਸ਼ਾਂ ਲਈ ਵਰਤਣ, ਹੋਰ ਉਤਪਾਦਾਂ ਦੀ ਟੈਗਿੰਗ ਅਤੇ ਅਣਅਧਿਕਾਰਤ ਵਿਕਰੀ ਪੁਆਇੰਟਾਂ ਤੋਂ ਖਾਦਾਂ ਦੀ ਵਿਕਰੀ ’ਚ ਸ਼ਾਮਲ 12 ਫਰਮਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਮੈਸਰਜ਼ ਮੰਡ ਖਾਦ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ, ਮੈਸਰਜ਼ ਸਿੱਧੂ ਖੇਤੀ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ (ਦੋਵੇਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ), ਮੈਸਰਜ਼ ਰਣਜੀਤ ਪੈਸਟੀਸਾਈਡਜ਼, ਪਿੰਡ ਸੰਗੋਵਾਲ, ਬਲਾਕ ਨਕੋਦਰ (ਜਲੰਧਰ) ਵਿਰੁੱਧ ਵੱਧ ਕੀਮਤ ਵਸੂਲਣ ਦੇ ਦੋਸ਼ ਅਧੀਨ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਇਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ’ਚ ਸੁਲਗ ਰਹੀ ‘ਬਗਾਵਤ’ ਦੀ ਚੰਗਿਆੜੀ

ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਨੇ ਮੈਸਰਜ਼ ਵਿਕਟਰੀ ਬਾਇਓਟੈੱਕ ਪ੍ਰਾਈਵੇਟ ਲਿਮਟਿਡ, ਬਲਾਕ ਸਰਦੂਲਗੜ੍ਹ (ਮਾਨਸਾ) ਵਿਰੁੱਧ ਕਥਿਤ ਤੌਰ ’ਤੇ ਗ਼ਲਤ ਬ੍ਰਾਂਡ ਵਾਲੀ ਡੀ. ਏ. ਪੀ. ਦੀ ਵਿਕਰੀ ਕਰਨ ਲਈ ਕੇਸ ਦਰਜ ਕੀਤਾ ਅਤੇ ਫਰਮ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਨਾਭਾ ਨੇ ਦੱਸਿਆ ਕਿ ਮੈਸਰਜ਼ ਰਾਮ ਮੂਰਤੀ ਗੁਪਤਾ ਐਂਡ ਸੰਜ਼ ਫਿਲੌਰ (ਜਲੰਧਰ) ਵਿਰੁੱਧ ਕਥਿਤ ਤੌਰ ’ਤੇ ਉਦਯੋਗਿਕ ਉਦੇਸ਼ਾਂ ਲਈ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੈਸਰਜ਼ ਥੂਹਾ ਪੈਸਟੀਸਾਈਡਜ਼ ਐਂਡ ਸੀਡ ਸਟੋਰ, ਜ਼ੀਰਕਪੁਰ (ਐੱਸ. ਏ. ਐੱਸ. ਨਗਰ) ਨੂੰ ਕਥਿਤ ਤੌਰ ’ਤੇ ਡੀ.ਏ.ਪੀ. ਨਾਲ ਹੋਰ ਉਤਪਾਦਾਂ ਦੀ ਟੈਗਿੰਗ ਕਰਨ ’ਚ ਸ਼ਾਮਲ ਪਾਇਆ ਗਿਆ ਅਤੇ ਫਰਮ ਵਿਰੁੱਧ ਐੱਫ.ਆਈ.ਆਰ. ਦਰਜ ਕਰਕੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੈਸਰਜ਼ ਚੁੱਘ ਖਾਦ ਭੰਡਾਰ, ਜਲਾਲਾਬਾਦ, ਮੈਸਰਜ਼ ਚੁੱਘ ਟ੍ਰੇਡਿੰਗ ਕੰਪਨੀ, ਜਲਾਲਾਬਾਦ, ਮੈਸਰਜ਼ ਚੁੱਘ ਖਾਦ ਸਟੋਰ, ਜਲਾਲਾਬਾਦ, ਮੈਸਰਜ਼ ਭਾਟਾ ਕੋਆਪ੍ਰੇਟਿਵ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਸਭਾ, ਜਲਾਲਾਬਾਦ ਅਤੇ ਮੈਸਰਜ਼ ਅਜੈ ਟਰੇਡਿੰਗ ਕੰਪਨੀ, ਜਲਾਲਾਬਾਦ ਨੂੰ ਕਥਿਤ ਤੌਰ ’ਤੇ ਜਮ੍ਹਾਖੋਰੀ ’ਚ ਸ਼ਾਮਲ ਪਾਇਆ ਗਿਆ ਹੈ।

ਇਨ੍ਹਾਂ ਫਰਮਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੈਸਰਜ਼ ਜਿੰਦਲ ਏਜੰਸੀ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਵੀ ਅਣ-ਅਧਿਕਾਰਤ ਵਿਕਰੀ ਪੁਆਇੰਟ ਤੋਂ ਖਾਦ ਦੀ ਵਿਕਰੀ ਕੀਤੀ ਗਈ ਹੈ। ਇਸ ਲਈ ਫਰਮ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀ. ਏ. ਪੀ. ਦੀ ਜਮ੍ਹਾਖੋਰੀ/ਕਾਲਾਬਾਜ਼ਾਰੀ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਪਟਿਆਲਾ ਦੇ ਖੇਤੀਬਾੜੀ ਅਫ਼ਸਰ ਵਿਰੁੱਧ ਵੀ ਪ੍ਰਸ਼ਾਸਨਿਕ ਕਾਰਵਾਈ ਆਰੰਭੀ ਗਈ ਹੈ।
 


author

Manoj

Content Editor

Related News