ਗੈਸ ਰਿਪੇਅਰਿੰਗ ਦੀ ਆੜ ''ਚ ਗੈਸ ਭਰਨ ਵਾਲੇ ਦੁਕਾਨਦਾਰ ''ਤੇ ਕੇਸ ਦਰਜ
Sunday, Mar 11, 2018 - 04:23 PM (IST)

ਜਲੰਧਰ (ਮ੍ਰਿਦੁਲ)— ਬਸਤੀ ਬਾਵਾ ਖੇਲ ਕੋਲ ਚੂਨੇ ਵਾਲੀ ਭੱਠੀ ਵਿਚ ਦੁਕਾਨ 'ਤੇ ਗੈਸ ਸਿਲੰਡਰ ਤੋਂ ਗੈਸ ਲੀਕੇਜ ਚੈੱਕ ਕਰਦੇ ਹੋਏ ਅਚਾਨਕ ਬਲਾਸਟ ਹੋਣ ਦੇ ਮਾਮਲੇ 'ਚ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਨੇ ਗੈਸ ਸਿਲੰਡਰ ਭਰ ਰਹੇ ਅਨਿਲ ਕੁਮਾਰ 'ਤੇ ਐੱਫ. ਆਈ. ਆਰ. ਦਰਜ ਕਰ ਦਿੱਤੀ ਹੈ। ਪੁਲਸ ਨੇ ਧਾਰਾ 420, 489, 285, 336, 337 ਤੇ 7 ਈ. ਸੀ. ਐੱਸ. ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਐਡੀਸ਼ਨਲ ਐੱਸ.ਐੱਚ. ਓ. ਰੇਸ਼ਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਨਿਲ ਕੁਮਾਰ ਨੇ ਦੁਕਾਨ ਦੇ ਬਾਹਰ ਗੈਸ ਰਿਪੇਅਰਿੰਗ ਦਾ ਬੋਰਡ ਲਗਾਇਆ ਹੈ ਪਰ ਗੈਸ ਰਿਪੇਅਰ ਕਰਨ ਦੀ ਆੜ ਵਿਚ 100 ਰੁਪਏ ਕਿਲੋ ਦੇ ਹਿਸਾਬ ਨਾਲ ਛੋਟੇ ਸਿਲੰਡਰਾਂ ਵਿਚ ਗੈਸ ਭਰਦਾ ਸੀ। ਸ਼ੁੱਕਰਵਾਰ ਰਾਤ ਨੂੰ ਉਹ ਸਿਲੰਡਰ ਭਰ ਰਿਹਾ ਸੀ। ਸਿਲੰਡਰ ਭਰਦੇ ਹੋਏ ਲੀਕੇਜ ਚੈੱਕ ਕਰਨ ਲਈ ਉਹ ਸਿਲੰਡਰ ਦੇ ਆਲੇ-ਦੁਆਲੇ ਲਾਈਟਰ ਜਗਾ ਕੇ ਚੈੱਕ ਕਰ ਰਿਹਾ ਸੀ ਕਿ ਅਚਾਨਕ ਲੀਕ ਹੁੰਦੀ ਗੈਸ ਨੇ ਅੱਗ ਫੜ ਲਈ, ਜਿਸ ਤੋਂ ਬਾਅਦ ਅਚਾਨਕ ਅੱਗ ਦਾ ਭਾਂਬੜ ਬਾਹਰ ਆਇਆ, ਜਿਸ ਵਿਚ ਆਲੇ-ਦੁਆਲੇ ਖੜ੍ਹੇ ਵਿਅਕਤੀ ਅਤੇ ਮੁਲਾਜ਼ਮ ਅੱਗ ਵਿਚ ਝੁਲਸ ਗਏ। ਇਸ ਸਬੰਧ ਵਿਚ ਜਾਂਚ ਤੋਂ ਬਾਅਦ ਮੁਲਜ਼ਮ ਅਨਿਲ ਕੁਮਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਇਸ ਸਮੇਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਕਿਉਂਕਿ ਡਾਕਟਰਾਂ ਮੁਤਾਬਕ ਉਹ ਅਨਫਿੱਟ ਹਨ।
ਸੀਨੀਅਰ ਅਫਸਰਾਂ ਕੋਲ ਪਹੁੰਚੀ ਮੁਲਾਜ਼ਮਾਂ ਦੀ ਸ਼ਿਕਾਇਤ
ਘਟਨਾ ਦੇ ਸਮੇਂ ਮੌਜੂਦ ਪੀ. ਸੀ. ਆਰ. ਬੀਟ ਨੰਬਰ 33 ਦੇ ਕਾਂਸਟੇਬਲ ਰਵਿੰਦਰ ਅਤੇ ਹਰਭਜਨ ਸਿੰਘ ਨੂੰ ਲੈ ਕੇ ਸ਼ਿਕਾਇਤ ਸੀਨੀਅਰ ਅਫਸਰਾਂ ਦੇ ਨੋਟਿਸ ਵਿਚ ਆ ਚੁੱਕੀ ਹੈ, ਜਿਸ ਕਾਰਨ ਘਟਨਾ ਦੇ ਸਮੇਂ ਉਨ੍ਹਾਂ ਦੇ ਉਥੇ ਮੌਜੂਦ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਪੁਛਿਆ ਜਾ ਰਿਹਾ ਹੈ ਕਿ ਘਟਨਾ ਹੋਣ ਵੇਲੇ ਉਹ ਉਥੇ ਕੀ ਕਰਨ ਗਏ ਸਨ ਪਰ ਕਾਂਸਟੇਬਲ ਹਰਭਜਨ ਨੂੰ ਦਸੂਹਾ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ ਜੋ ਕਿ ਫਿਲਹਾਲ ਅਨਫਿੱਟ ਹੈ।