CTU ਨਵੇਂ ਰੂਟਾਂ ’ਤੇ 54 ਬੱਸਾਂ ਉਤਾਰੇਗਾ, 12 ਸਾਲਾਂ ਤੋਂ ਬੰਦ ਰੂਟਾਂ ’ਤੇ ਦੁਬਾਰਾ ਚੱਲਣਗੀਆਂ ਬੱਸਾਂ

Saturday, Jun 11, 2022 - 11:34 AM (IST)

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਅਗਲੇ ਹਫ਼ਤੇ ਤੋਂ 54 ਬੱਸਾਂ ਨੂੰ ਨਵੇਂ ਰੂਟਾਂ ’ਤੇ ਉਤਾਰਨ ਦੀ ਤਿਆਰੀ ਕਰ ਰਿਹਾ ਹੈ, ਤਾਂ ਕਿ ਲੰਮੀ ਦੂਰੀ ਦੇ ਰੂਟਾਂ ’ਤੇ ਲੋਕਾਂ ਨੂੰ ਬੱਸਾਂ ਦਾ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਇਸ ਤੋਂ ਇਲਾਵਾ 12 ਸਾਲਾਂ ਤੋਂ ਬੰਦ ਰੂਟਾਂ ’ਤੇ ਵੀ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ। ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਝੰਡੀ ਦਿਖਾ ਕੇ ਨਵੇਂ ਰੂਟਾਂ ’ਤੇ ਬੱਸਾਂ ਨੂੰ ਰਵਾਨਾ ਕਰਨਗੇ। ਪੁਰਾਣੇ ਜਿਹੜੇ ਰੂਟਾਂ ’ਤੇ ਵਿਭਾਗ ਬੱਸਾਂ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ, ਉਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ, ਉੱਤਰਾਖੰਡ ਟਨਕਪੁਰ ਅਤੇ ਰਿਸ਼ੀਕੇਸ਼ ਦਾ ਰੂਟ ਸ਼ਾਮਲ ਹਨ।

ਇਸ ਤੋਂ ਇਲਾਵਾ ਰਾਜਸਥਾਨ ਦੇ ਦੋ ਧਾਰਮਿਕ ਸਥਾਨਾਂ ਲਈ ਵੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਸੀਕਰ ਦੇ ਖਾਟੂਸ਼ਿਆਮਜੀ ਅਤੇ ਚੁੱਲੂ ਦੇ ਸਾਲਾਸਰ ਲਈ ਸਪੈਸ਼ਲ ਬੱਸ ਚਲਾਈ ਜਾਵੇਗੀ। ਜ਼ਿਕਰਯੋਗ ਹੈ ਕਿ ਸੀ. ਟੀ. ਯੂ. ਕਈ ਧਾਰਮਿਕ ਸਥਾਨਾਂ ਦੇ ਨਾਲ ਕੁਨੈਕਟੀਵਿਟੀ ਵਧਾਉਣ ਲਈ ਹੀ ਨਵੇਂ ਰੂਟ ਸ਼ੁਰੂ ਕਰ ਰਿਹਾ ਹੈ। ਇਸ ਸਬੰਧੀ ਡਾਇਰੈਕਟਰ ਟਰਾਂਸਪੋਰਟ ਪ੍ਰਦੂਮਣ ਨੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਕੁੱਝ ਨਵੇਂ ਰੂਟਾਂ ’ਤੇ ਉਹ 54 ਬੱਸਾਂ ਉਤਾਰ ਰਹੇ ਹਨ।

ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਖਾਟੂਸ਼ਿਆਮਜੀ ਅਤੇ ਸਾਲਾਸਰ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਯੂ. ਟੀ. ਪ੍ਰਸ਼ਾਸਕ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਬਾਅਦ ਹੀ ਦੋਵਾਂ ਰੂਟਾਂ ’ਤੇ ਬੱਸ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ 12 ਸਾਲ ਤੋਂ ਬੰਦ ਕੁਝ ਰੂਟਾਂ ’ਤੇ ਵੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਡਿਪੂ ਨੰਬਰ-1 ਅਤੇ 3 ਤੋਂ ਉਹ ਬੱਸ ਸੇਵਾ ਸ਼ੁਰੂ ਕਰ ਰਹੇ ਹਨ। ਡਿਪੂ ਨੰਬਰ 2 ਅਤੇ 4 ਲਈ ਵੀ ਛੇਤੀ ਹੀ ਨਵੇਂ ਰੂਟ ਸ਼ੁਰੂ ਕੀਤੇ ਜਾਣਗੇ, ਜਿਸ ਵਿਚ ਸਾਰੇ ਲੋਕਲ ਰੂਟਾਂ ਨੂੰ ਕਵਰ ਕੀਤਾ ਜਾਵੇਗਾ।


Babita

Content Editor

Related News