ਕੱਪੜਾ ਮਾਰਕੀਟ ਦੇ 2 ਸ਼ੋਅਰੂਮਾਂ ''ਚੋਂ 3 ਲੱਖ ਰੁਪਏ ਚੋਰੀ
Saturday, Feb 24, 2018 - 04:31 AM (IST)

ਬਠਿੰਡਾ(ਸੁਖਵਿੰਦਰ)-ਕੱਪੜਾ ਮਾਰਕੀਟ ਦੇ 2 ਸ਼ੋਅਰੂਮਾਂ 'ਚੋਂ ਚੋਰ 3 ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਪੁਲਸ ਵਲੋਂ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਡੀ. ਪੀ. ਮਿੱਤਲ ਐਂਡ ਸੰਜ਼ ਦੇ ਮਾਲਕ ਧਰਮਪਾਲ ਸਿੰਘ ਅਤੇ ਸ਼੍ਰੀ ਰਾਮ ਸਿੰਗਲਾ ਐਂਡ ਸੰਜ਼ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਕੱਪੜਾ ਮਾਰਕੀਟ ਵਿਚ ਕੱਪੜੇ ਦਾ ਕੰਮ ਕਰਦੇ ਹਨ। ਉਨ੍ਹਾਂ ਦੋਵਾਂ ਦੇ ਸ਼ੋਅਰੂਮ ਵੀ ਨਾਲ-ਨਾਲ ਹੀ ਸਥਿਤ ਹਨ। ਬੀਤੀ ਸ਼ਾਮ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸ਼ੋਅਰੂਮ ਬੰਦ ਕਰ ਕੇ ਗਏ ਸਨ ਪਰ ਜਦੋਂ ਉਹ ਸਵੇਰੇ ਆਪਣੇ ਸ਼ੋਅਰੂਮ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਗੱਲਿਆਂ ਦੇ ਲਾਕ ਟੁੱਟੇ ਹੋਏ ਸਨ। ਚੋਰ ਗੱਲਿਆਂ ਵਿਚੋਂ ਲਗਭਗ ਡੇਢ-ਡੇਢ ਲੱਖ ਰੁਪਏ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਹੋਰ ਸਾਮਾਨ ਚੋਰੀ ਹੋਣ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਦੀ ਸੂਚਨਾ ਥਾਣਾ ਕੋਤਵਾਲੀ ਨੂੰ ਦਿੱਤੀ ਗਈ। ਸੂਚਨਾ ਮਿਲਣ 'ਤੇ ਥਾਣਾ ਮੁਖੀ ਸੁਖਮੰਦਰ ਸਿੰਘ ਮੌਕੇ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਫਿੰਗਰ ਪ੍ਰਿੰਟ ਲਏ ਗਏ। ਥਾਣਾ ਮੁਖੀ ਨੇ ਦੱਸਿਆ ਕਿ ਚੋਰ ਦੁਕਾਨਾਂ ਦੇ ਉਪਰ ਛੱਤ 'ਤੇ ਰੌਸ਼ਨਦਾਨ ਦੀ ਜਾਲੀ ਤੋੜ ਕੇ ਦੁਕਾਨਾਂ ਵਿਚ ਦਾਖਲ ਹੋਏ ਹਨ। ਇਸ ਤੋਂ ਇਲਾਵਾ ਇਕ ਸ਼ੋਅਰੂਮ ਦੇ ਨਾਲ ਉਸਾਰੀ ਦਾ ਵੀ ਕੰਮ ਚੱਲ ਰਿਹਾ ਹੈ, ਜਿਸ ਰਾਹੀ ਚੋਰ ਸ਼ੋਅਰੂਮ ਦੀ ਛੱਤ 'ਤੇ ਪਹੁੰਚੇ ਜਾਪਦੇ ਹਨ। ਸ਼ੋਅਰੂਮਾਂ ਦੀਆਂ ਲਾਈਟਾਂ ਬੰਦ ਹੋਣ ਕਾਰਨ ਉਨ੍ਹਾਂ ਦੀ ਸੀ. ਸੀ. ਟੀ. ਵੀ. ਰਿਕਾਰਡਿੰਗ ਵੀ ਨਹੀਂ ਹੋ ਸਕੀ। ਜਾਂਚ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਪੁਲਸ ਵਲੋਂ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।