ਜੇਲ ''ਚ ਹਵਾਲਾਤੀ ਲੜੇ, ਇਕ ਜ਼ਖਮੀ
Wednesday, Feb 07, 2018 - 04:30 AM (IST)
ਲੁਧਿਆਣਾ(ਸਿਆਲ)-ਤਾਜਪੁਰ ਰੋਡ 'ਤੇ ਪੈਂਦੀ ਕੇਂਦਰੀ ਜੇਲ 'ਚ 15-20 ਦੇ ਲਗਭਗ ਹਵਾਲਾਤੀਆਂ ਨੇ ਹਮਲਾ ਕਰ ਕੇ ਇਕ ਹੋਰ ਹਵਾਲਾਤੀ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ, ਜਿਸ ਨੂੰ ਤੁਰੰਤ ਜੇਲ ਹਸਪਤਾਲ 'ਚ ਲਿਜਾਇਆ ਗਿਆ, ਇਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਹਵਾਲਾਤੀ ਨਵਦੀਪ ਸਿੰਘ ਉਰਫ਼ ਨਵੀ ਜੇਲ ਦੇ ਕੇਂਦਰੀ ਬਲਾਕ 'ਚ ਕੈਦ ਹੈ। ਅੱਜ ਦੁਪਹਿਰ 12.30 ਵਜੇ ਉਕਤ ਹਵਾਲਾਤੀ ਨੂੰ ਦੂਜੇ ਹਵਾਲਾਤੀ ਨੇ ਆ ਕੇ ਦੱਸਿਆ ਕਿ ਉਸ ਨੂੰ 6 ਨੰਬਰ ਬੈਰਕ 'ਚ ਬੁਲਾਇਆ ਗਿਆ ਹੈ। ਉਸ ਦੀਆਂ ਗੱਲਾਂ ਵਿਚ ਆ ਕੇ ਨਵਦੀਪ ਉਸ ਦੇ ਨਾਲ ਉਕਤ ਬੈਰਕ ਵਿਚ ਜਿਉਂ ਹੀ ਪੁੱਜਾ ਤਾਂ ਉਥੇ 15-20 ਹਵਾਲਾਤੀਆਂ ਨੇ ਉਸ 'ਤੇ ਪਤੀਲਿਆਂ ਤੇ ਲੱਕੜ ਦੇ ਗੁੱਲਿਆਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਉਥੇ ਤਾਇਨਾਤ ਗਾਰਦ ਕਰਮਚਾਰੀ ਰੌਲਾ ਸੁਣ ਕੇ ਉਕਤ ਬੈਰਕ 'ਚ ਪੁੱਜੇ ਅਤੇ ਜੇਲ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਕੇ ਜ਼ਖਮੀ ਹਵਾਲਾਤੀ ਨੂੰ ਜੇਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਨੂੰ ਸਿਵਲ ਹਸਪਤਾਲ ਲਿਜਾਣ ਲਈ ਰੈਫਰ ਕੀਤਾ। ਸਿਵਲ ਹਸਪਤਾਲ 'ਚ ਜ਼ਖਮੀ ਹਵਾਲਾਤੀ ਨਵਦੀਪ ਸਿੰਘ ਉਰਫ ਨਵੀ ਨੇ ਦੱਸਿਆ ਕਿ ਥੋੜ੍ਹੇ ਦਿਨ ਪਹਿਲਾਂ ਕੁਝ ਹਵਾਲਾਤੀਆਂ ਨਾਲ ਕਿਸੇ ਗੱਲ ਸਬੰਧੀ ਬਹਿਸਬਾਜ਼ੀ ਹੋਈ ਸੀ, ਜਿਸ ਕਾਰਨ ਅੱਜ ਉਸ ਨੂੰ 6 ਨੰਬਰ ਬੈਰਕ 'ਚ ਬੁਲਾ ਕੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਨਾਲ ਉਸ ਦੇ ਮੂੰਹ ਅਤੇ ਸਰੀਰ ਦੇ ਕਈ ਹਿੱਸਿਆਂ 'ਚ ਅੰਦਰੂਨੀ ਸੱਟਾਂ ਲੱਗੀਆਂ। ਉਧਰ ਜੇਲ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਮਲਾ ਕਰਨ ਵਾਲੇ ਦੋਸ਼ੀ ਹਵਾਲਾਤੀਆਂ 'ਤੇ ਜੇਲ ਮੈਨੂਅਲ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਮੈਡੀਕਲ ਰਿਪੋਰਟ ਆਉਣ ਉਪਰੰਤ ਕੇਸ ਪੁਲਸ ਕੋਲ ਭੇਜਿਆ ਜਾਵੇਗਾ।
