ਬੱਦੋਵਾਲ ਗੋਲੀਕਾਂਡ: ਪੁਲਸ ਦੀ ਗੱਡੀ ਪਲਟਣ ਨਾਲ ਗੈਂਗਸਟਰ ਅਮਿਤ ਡਾਗਰ ਦੀ ਟੁੱਟੀ ਲੱਤ, 4 ਮੁਲਾਜ਼ਮ ਜ਼ਖਮੀ
Saturday, Jan 24, 2026 - 07:48 AM (IST)
ਮੁੱਲਾਂਪੁਰ ਦਾਖਾ (ਕਾਲੀਆ) : ਬੱਦੋਵਾਲ ਗੋਲੀ ਕਾਂਡ ਦੀ ਜਾਂਚ ਦੌਰਾਨ ਦਾਖਾ ਪੁਲਸ ਦੀ ਹਿਰਾਸਤ ’ਚ ਚੱਲ ਰਹੇ ਗੈਂਗਸਟਰ ਅਮਿਤ ਡਾਗਰ ਦੀ ਪੁਲਸ ਗੱਡੀ ਪਲਟਣ ਕਾਰਨ ਲੱਤ ਟੁੱਟ ਗਈ। ਇਹ ਹਾਦਸਾ ਬੀਤੀ ਰਾਤ ਉਸ ਵੇਲੇ ਵਾਪਰਿਆ, ਜਦੋਂ ਸੀ. ਆਈ. ਏ. ਜਗਰਾਓਂ ਤੋਂ ਪੁੱਛਗਿੱਛ ਮਗਰੋਂ ਵਾਪਸੀ ਦੌਰਾਨ ਗੁੜੇ ਟੋਲ ਪਲਾਜ਼ਾ ਨੇੜੇ ਗੱਡੀ ਦਾ ਐਕਸਲ ਅਚਾਨਕ ਟੁੱਟ ਗਿਆ। ਇਸ ਹਾਦਸੇ ’ਚ 4 ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਰਾਏਕੋਟ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਬਸੰਤ ਪੰਚਮੀ ਮੌਕੇ ਭੈਣੀ ਸਾਹਿਬ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸਿੰਘ ਸੈਣੀ
ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਅਨੁਸਾਰ ਜ਼ਖਮੀ ਹਾਲਤ ’ਚ ਅਮਿਤ ਡਾਗਰ ਨੂੰ ਅੱਜ ਸਖਤ ਸੁਰੱਖਿਆ ਹੇਠ ਬਖਤਰਬੰਦ ਗੱਡੀ ਰਾਹੀਂ ਲੁਧਿਆਣਾ ਅਦਾਲਤ ਲਿਜਾਇਆ ਗਿਆ। ਉਸ ਨੂੰ ਸਟ੍ਰੈਚਰ ’ਤੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਮਾਣਯੋਗ ਜੱਜ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਬੱਦੋਵਾਲ ਵਿਖੇ ਕਾਰਾਂ ਦੇ ਸ਼ੋਅਰੂਮ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਪੁਲਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਮੌਕੇ ਤੋਂ ਮਿਲੀਆਂ ਧਮਕੀ ਭਰੀਆਂ ਪਰਚੀਆਂ ਦੇ ਆਧਾਰ ’ਤੇ ਜਾਂਚ ਕਰਦਿਆਂ ਪੁਲਸ ਨੇ ਪਵਨ ਸ਼ੌਕੀਨ ਦੀ ਪਤਨੀ ਵਿਜੇ ਕੁਮਾਰੀ ਅਤੇ ਨਵੀਨ ਦੇਸਵਾਲ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਕੌਸ਼ਲ ਚੌਧਰੀ ਵੀ ਜੇਲ ’ਚ ਹੈ ਅਤੇ ਪੁਲਸ ਜਲਦ ਹੀ ਮੁੱਖ ਸ਼ੂਟਰਾਂ ਤੱਕ ਪਹੁੰਚਣ ਅਤੇ ਵੱਡੇ ਖੁਲਾਸੇ ਕਰਨ ਦਾ ਦਾਅਵਾ ਕਰ ਰਹੀ ਹੈ।
