ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਬਾਰੇ ਹਾਈਕੋਰਟ ਨੇ ਇਕ ਹਫ਼ਤੇ ’ਚ ਮੰਗਿਆ ਮੂਲ ਰਿਕਾਰਡ
Tuesday, Jan 13, 2026 - 09:50 AM (IST)
ਚੰਡੀਗੜ੍ਹ (ਅੰਕੁਰ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਿਵਾਰਕ ਨਜ਼ਰਬੰਦੀ ਹੁਕਮ ਦਾ ਆਧਾਰ ਬਣਨ ਵਾਲੇ ਮੂਲ ਰਿਕਾਰਡ ਮੰਗਵਾਏ। ਇਹ ਨਿਰਦੇਸ਼ ਉਦੋਂ ਆਏ, ਜਦੋਂ ਬੈਂਚ ਨੇ ਪੰਜਾਬ ਨੂੰ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਤਹਿਤ ਲਗਾਤਾਰ ਤੀਜੀ ਵਾਰ ਨਜ਼ਰਬੰਦੀ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ’ਤੇ ਪੈਰਾਗ੍ਰਾਫ-ਵਾਰ ਜਵਾਬ ਦਾਖ਼ਲ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ। ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੀ ਬੈਂਚ ਨੇ ਸ਼ੁਰੂ ’ਚ ਹੀ ਕਿਹਾ ਕਿ ਸੁਪਰੀਮ ਕੋਰਟ ਨੇ 10 ਨਵੰਬਰ ਦੇ ਹੁਕਮ ਰਾਹੀਂ ਇਸ ਮਾਮਲੇ ਦੇ ਫ਼ੈਸਲੇ ਲਈ ਛੇ ਹਫ਼ਤਿਆਂ ਦੀ ਵੱਧ ਤੋਂ ਵੱਧ ਮਿਆਦ ਤੈਅ ਕੀਤੀ ਸੀ ਪਰ 17 ਅਪ੍ਰੈਲ, 2025 ਦੇ ਨਿਵਾਰਕ ਨਜ਼ਰਬੰਦੀ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਸੰਬਰ ਦੇ ਪਹਿਲੇ ਹਫ਼ਤੇ ਦਾਖ਼ਲ ਕੀਤੀ ਗਈ ਸੀ।
ਹਾਈਕੋਰਟ ਵਿਰੋਧ ਕਰਨ ਵਾਲੀਆਂ ਧਿਰਾਂ ਤੋਂ ਪੈਰਾਗ੍ਰਾਫ-ਵਾਰ ਜਵਾਬ ਪ੍ਰਾਪਤ ਹੋਣ ਤੱਕ ਅੱਗੇ ਦੀ ਕਾਰਵਾਈ ਨਹੀਂ ਕਰ ਸਕਦਾ। ਆਖ਼ਰ ਅਦਾਲਤ ਨੇ ਸੂਬੇ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਉਸ ਨੂੰ ਆਪਣਾ ਜਵਾਬ ਦਾਖ਼ਲ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ। ਬੈਂਚ ਨੇ ਅੱਗੇ ਨਿਰਦੇਸ਼ ਦਿੱਤਾ ਕਿ ਹਿਰਾਸਤ ਦੇ ਆਧਾਰਾਂ ਦਾ ਸਮਰਥਨ ਕਰਨ ਵਾਲੇ ਮੂਲ ਦਸਤਾਵੇਜ਼ ਵੀ ਅਗਲੀ ਸੁਣਵਾਈ ਦੀ ਤਾਰੀਖ਼ ’ਤੇ ਪੇਸ਼ ਕੀਤੇ ਜਾਣ, ਜਿਸ ਤੋਂ ਬਾਅਦ ਮਾਮਲੇ ਨੂੰ 20 ਜਨਵਰੀ ਲਈ ਸੂਚੀਬੱਧ ਕੀਤਾ ਗਿਆ।
