ਧੁੰਦ ਕਾਰਨ ਸੜਕ ਹਾਦਸੇ ''ਚ ਇੱਕ ਦੀ ਮੌਤ ਚਾਰ ਜ਼ਖਮੀ

Wednesday, Jan 14, 2026 - 11:08 PM (IST)

ਧੁੰਦ ਕਾਰਨ ਸੜਕ ਹਾਦਸੇ ''ਚ ਇੱਕ ਦੀ ਮੌਤ ਚਾਰ ਜ਼ਖਮੀ

ਲੋਪੋਕੇ (ਸਤਨਾਮ) - ਕਸਬਾ ਲੋਪੋਕੇ ਤੋਂ ਚੋਗਾਵਾਂ ਰੋਡ ’ਤੇ ਸੰਘਣੀ ਧੁੰਦ ਕਾਰਨ ਦੋ ਕਾਰਾਂ ਦੀ ਆਮੋ-ਸਾਮਹਣੇ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਣੀ ਸਿੰਘ ਵਾਸੀ ਚਵਿੰਡਾ ਕਲਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਪਿੰਡ ਚੱਕ ਮਿਸ਼ਰੀ ਖਾਂ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਹੇ ਸਨ। ਜਦੋਂ ਉਹ ਲੋਪੋਕੇ ਰੋਡ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਲੇ ਰੰਗ ਦੀ ਸਵਿਫਟ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ।

ਹਾਦਸੇ ਤੋਂ ਬਾਅਦ ਛਾਉਣੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਾ ਰਾਜਨ ਸਿੰਘ ਅਤੇ ਹੋਰਨਾਂ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਗੱਡੀ ਵਿੱਚ ਫਸੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ ਮਣੀ ਸਿੰਘ ਦੇ ਤਾਏ ਗੁਰਮੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਾਤਾ ਸਰਬਜੀਤ ਕੌਰ ਅਤੇ ਤਿੰਨ ਬੱਚੇ ਸਮੇਤ ਹੋਰ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਲੋਪੋਕੇ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News