ਪਿਸਤੌਲ ਦੀ ਨੋਕ ''ਤੇ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਲੁਟੇਰਿਆਂ ਦੀ ਕਰਿੰਦਿਆਂ ਨਾਲ ਝੜਪ
Friday, Jan 26, 2018 - 05:00 AM (IST)
ਮੁੱਲਾਂਪੁਰ ਦਾਖਾ(ਕਾਲੀਆ)- ਮੁੱਲਾਂਪੁਰ ਲਿੰਕ ਰੋਡ 'ਤੇ ਪਿਸਤੌਲ ਦੀ ਨੋਕ 'ਤੇ ਮੋਟਰਸਾਈਕਲ 'ਤੇ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਸ਼ਰਾਬ ਦਾ ਠੇਕਾ ਲੁੱਟ ਲਿਆ ਅਤੇ ਗੱਲਾ ਚੁੱਕ ਕੇ ਭੱਜਣ ਲੱਗਿਆਂ ਨੂੰ ਕਰਿੰਦਿਆਂ ਨੇ ਘੇਰ ਲਿਆ, ਜਿਸ ਕਾਰਨ ਲੁਟੇਰੇ ਗੱਲਾ ਨਕਦੀ ਦਾ ਭਰਿਆ ਮੌਕੇ 'ਤੇ ਸੁੱਟ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ, ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਥਾਣਾ ਦਾਖਾ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਰਾਤ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੁੱਲਾਂਪੁਰ ਲਿੰਕ ਰੋਡ 'ਤੇ ਪਿਸਤੌਲ ਦੀ ਨੋਕ ਅਤੇ ਛੁਰੇ ਨਾਲ ਸ਼ਰਾਬ ਦੇ ਠੇਕੇ ਤੋਂ ਨਕਦੀ ਵਾਲਾ ਗੱਲਾ ਚੁੱਕ ਲਿਆ, ਜਿਉਂ ਹੀ ਉਹ ਬਾਹਰ ਮੋਟਰਸਾਈਕਲ 'ਤੇ ਜਾਣ ਲੱਗੇ ਤਾਂ ਠੇਕੇ 'ਤੇ ਕੰਮ ਕਰਦੇ ਕਰਿੰਦਿਆਂ ਨੇ ਹਿੰਮਤ ਕਰ ਕੇ ਉਨ੍ਹਾਂ ਤੋਂ ਗੱਲਾ ਖੋਹ ਲਿਆ ਅਤੇ ਦੋਨਾਂ ਦੀ ਝੜਪ ਵਿਚ ਲੁਟੇਰਿਆਂ ਦੇ ਮੂੰਹ ਨੰਗੇ ਹੋ ਗਏ ਤਾਂ ਲੁਟੇਰੇ ਮੋਟਰਸਾਈਕਲ 'ਤੇ ਭੱਜਣ ਵਿਚ ਕਾਮਯਾਬ ਹੋ ਗਏ। ਲੁਟੇਰਿਆਂ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਦਾਖਾ ਵਜੋਂ ਹੋਈ ਹੈ। ਏ. ਐੱਸ. ਆਈ. ਗੁਰਦੀਪ ਸਿੰਘ ਨੇ ਰਾਜੇਸ਼ ਕੁਮਾਰ ਦੇ ਬਿਆਨਾਂ 'ਤੇ ਲੁਟੇਰਿਆਂ ਵਿਰੁੱਧ ਜ਼ੇਰੇ ਧਾਰਾ 382, 511 ਆਈ. ਪੀ. ਸੀ. ਐਕਟ ਤਹਿਤ ਕੇਸ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
