ਬੈਂਕ ''ਚ ਤੀਜੀ ਵਾਰ ਹੋਈ ਚੋਰੀ

01/19/2018 4:16:17 AM

ਨਥਾਣਾ(ਜ. ਬ.)-ਕੋਆਪ੍ਰੇਟਿਵ ਬੈਂਕ ਦਾਣਾ ਮੰਡੀ ਕਲਿਆਣ ਸੁੱਖਾ 'ਚ ਤੀਜੀ ਵਾਰ ਫਿਰ ਚੋਰੀ ਹੋ ਗਈ ਹੈ, ਚੋਰਾਂ ਨੇ 1,21,826 ਰੁਪਏ ਲੁੱਟ ਲਏ ਹਨ। ਬੈਂਕ ਦੇ ਮੈਨੇਜਰ ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਕੋਆਪ੍ਰੇਟਿਵ ਬੈਂਕ ਕਲਿਆਣ ਸੁੱਖਾ ਦੇ ਮੇਨ ਗੇਟ ਨਾਲ ਲੱਗਦੀ ਖਿੜਕੀ 'ਚ ਲੱਗੀ ਲੋਹੇ ਦੀ ਗਰਿੱਲ ਪੁੱਟ ਕੇ ਅੰਦਰ ਕੱਢੀ ਪੱਕੀ ਦੀਵਾਰ ਨੂੰ ਤੋੜ ਲਿਆ ਹੈ। ਬੈਂਕ ਦੀ ਇਮਾਰਤ 'ਚ ਸੇਫਟੀ ਬੈਂਕ ਨੂੰ ਚੋਰਾਂ ਨੇ ਕਟਰ ਦੀ ਮਦਦ ਨਾਲ ਕੱਟ ਲਿਆ, ਜਿਸ 'ਚ ਕਰਮਚਾਰੀਆਂ ਦੁਆਰਾ ਰੱਖੀ 1,21,826 ਰੁਪਏ ਦੀ ਰਾਸ਼ੀ ਚੋਰੀ ਕਰ ਲਈ । ਬੈਂਕ ਦੀ ਇਮਾਰਤ ਸੁੰਨਸਾਨ ਅਨਾਜ ਮੰਡੀ 'ਚ ਹੈ, ਜਿਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਕਸਰ ਹੀ ਜ਼ਿਆਦਾ ਸਮਾਂ ਠਹਿਰ ਸਕਦੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚਾਲੂ ਹਾਲਤ ਵਿਚ ਨਹੀਂ ਹਨ ਪਰ ਜੇਕਰ ਉਹ ਚੱਲਦੇ ਹੁੰਦੇ ਤਾਂ ਚੋਰਾਂ ਦੀਆਂ ਤਸਵੀਰਾਂ ਜ਼ਰੂਰ ਲੈਂਦੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਚੋਰਾਂ ਨੇ ਬਿਜਲੀ ਦੀ ਸਪਲਾਈ ਕੱਟ ਦਿੱਤੀ ਹੋਵੇਗੀ ਅਤੇ ਕੁਝ ਦਾ ਕਹਿਣਾ ਹੈ ਕਿ ਰਾਤ ਸਮੇਂ ਕੈਮਰੇ ਬੰਦ ਹੁੰਦੇ ਹਨ। ਇਸ ਬੈਂਕ ਵਿਚ ਪਹਿਲਾਂ ਵੀ ਦੋ ਵਾਰ ਚੋਰੀ ਹੋ ਚੁੱਕੀ ਹੈ ਪਰ ਚੋਰ ਨੂੰ ਪੁਲਸ ਫੜ ਨਹੀਂ ਸਕੀ। ਇਸ ਵਾਰ ਚੋਰ ਫੜੇ ਜਾਂਦੇ ਹਨ ਜਾਂ ਨਹੀਂ ਇਹ ਤਾਂ ਭਵਿੱਖ ਦੇ ਗਰਭ ਵਿਚ ਹੈ। ਇਸ ਇਮਾਰਤ ਦੀ ਰਾਖੀ ਲਈ ਕੋਈ ਚੌਕੀਦਾਰ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ। ਇਸ ਬੈਂਕ ਦੇ ਕਰਮਚਾਰੀ ਕਿੰਨੇ ਕੁ ਸੁਚੇਤ ਹਨ, ਇਸ ਬਾਰੇ ਜਾਣਕਾਰੀ ਇਸ ਤੋਂ ਲੱਗਦੀ ਹੈ ਕਿ ਕਰਮਚਾਰੀਆਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਤੁਰੰਤ ਹੀ ਕੰਧ ਕੱਢ ਕੇ ਲੋਹੇ ਦੀ ਗਰਿੱਲ ਜੜ ਦਿੱਤੀ ਹੈ। ਪਹਿਲਾਂ ਚੋਰਾਂ ਨੇ ਬੈਂਕ ਦੇ ਪਿਛਲੇ ਪਾਸੇ ਦੀ ਪਾੜ ਲਾਇਆ ਸੀ।


Related News