ਵਿਆਹੁਤਾ ਨੂੰ ਤੰਗ ਕਰਨ ਵਾਲੇ ਦੀ ਹੋਈ ''ਸੇਵਾ''

Friday, Jan 12, 2018 - 04:16 AM (IST)

ਬਠਿੰਡਾ(ਬਲਵਿੰਦਰ)-ਪਿੰਡ ਛਪੜੀਵਾਲਾ ਦੇ ਇਕ ਨੌਜਵਾਨ ਦੀ ਅੱਜ 'ਸੇਵਾ' ਹੋਈ, ਜੋ ਇਕ ਵਿਆਹੁਤਾ ਨੂੰ ਫੋਨ ਕਰ ਕੇ ਤੰਗ ਕਰਦਾ ਸੀ। ਹੋਇਆ ਇੰਝ ਕਿ ਪਿੰਡ ਛਪੜੀਵਾਲਾ ਦਾ ਇਕ ਨੌਜਵਾਨ ਬਲਜੀਤ ਸਿੰਘ ਬਠਿੰਡਾ ਦੀ ਇਕ ਵਿਆਹੁਤਾ ਔਰਤ ਨੂੰ ਅਕਸਰ ਫੋਨ ਕਰ ਕੇ ਤੰਗ ਪ੍ਰੇਸ਼ਾਨ ਕਰਦਾ ਸੀ। ਪਹਿਲਾਂ ਵਿਆਹੁਤਾ ਨੇ ਇਸ ਨੂੰ ਅਣਗੌਲਿਆਂ ਕੀਤਾ ਪਰ ਜਦੋਂ ਉਹ ਬਾਜ਼ ਨਾ ਆਇਆ ਤਾਂ ਉਸ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ। ਫਿਰ ਉਨ੍ਹਾਂ ਸਕੀਮ ਬਣਾਈ ਕਿ ਉਕਤ ਮਜਨੂੰ ਨੂੰ ਫੜਿਆ ਜਾਵੇ। ਇਸ ਬਾਰੇ ਉਨ੍ਹਾਂ ਪੁਲਸ ਚੌਕੀ ਸਿਵਲ ਹਸਪਤਾਲ ਨੂੰ ਵੀ ਸੂਚਿਤ ਕਰ ਦਿੱਤਾ। ਅੱਜ ਸਵੇਰੇ ਦੌਬਾਰਾ ਉਕਤ ਨੌਜਵਾਨ ਦਾ ਫੋਨ ਆਇਆ ਤਾਂ ਵਿਆਹੁਤਾ ਨੇ ਉਸ ਨੂੰ ਗੱਲਾਂ 'ਚ ਲਿਆ ਕੇ ਸਿਵਲ ਹਸਪਤਾਲ ਦੇ ਬਾਹਰ ਮਿਲਣ ਲਈ ਬੁਲਾ ਲਿਆ। ਸਿਵਲ ਹਸਪਤਾਲ ਦੇ ਬਾਹਰ ਪਹੁੰਚ ਕੇ ਮਜਨੂੰ ਨੇ ਵਿਆਹੁਤਾ ਨੂੰ ਮੁੜ ਫੋਨ ਕੀਤਾ ਤੇ ਕਿਹਾ ਕਿ ਮੈਂ ਛੋਲੇ-ਭਟੂਰਿਆਂ ਵਾਲੀ ਰੇਹੜੀ 'ਤੇ ਖੜ੍ਹਾ ਹਾਂ ਅਤੇ ਦੋ ਪਲੇਟਾਂ ਵੀ ਲਗਵਾ ਲਈਆਂ ਹਨ, ਤੂੰ ਜਲਦੀ ਆ ਜਾ। ਫਿਰ ਕੀ ਸੀ, ਗਿਣੀ-ਮਿੱਥੀ ਸਕੀਮ ਤਹਿਤ ਪਹਿਲਾਂ ਵਿਆਹੁਤਾ ਉਥੇ ਪਹੁੰਚੀ, ਫਿਰ ਇਸ਼ਾਰਾ ਮਿਲਣ 'ਤੇ ਉਕਤ ਦੇ ਪਤੀ ਤੇ ਸਿਵਲ ਵਰਦੀ 'ਚ ਆਏ ਪੁਲਸ ਮੁਲਾਜ਼ਮਾਂ ਨੇ ਮਜਨੂੰ ਨੂੰ ਬੱਕਰੇ ਵਾਂਗ ਢਾਹ ਲਿਆ। ਆਸ-ਪਾਸ ਦੇ ਲੋਕ ਵੀ ਉਸ ਨੂੰ ਚਿੰਬੜ ਗਏ। ਚੰਗੀ 'ਸੇਵਾ' ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਵਿਆਹੁਤਾ ਦੇ ਪਤੀ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News