ਡੀ. ਐੱਮ. ਸੀ. ਦੇ ਸਫ਼ਾਈ ਕਰਮਚਾਰੀ ਤੋਂ ਚਾਕੂ ਦੀ ਨੋਕ ''ਤੇ ਲੁੱਟ

Sunday, Jan 07, 2018 - 04:49 AM (IST)

ਡੀ. ਐੱਮ. ਸੀ. ਦੇ ਸਫ਼ਾਈ ਕਰਮਚਾਰੀ ਤੋਂ ਚਾਕੂ ਦੀ ਨੋਕ ''ਤੇ ਲੁੱਟ

ਲੁਧਿਆਣਾ(ਰਿਸ਼ੀ)-ਡੀ. ਐੱਮ. ਸੀ. ਹਸਪਤਾਲ ਦੇ ਸਫ਼ਾਈ ਕਰਮਚਾਰੀ ਤੋਂ ਸ਼ਨੀਵਾਰ ਸਵੇਰੇ 6.45 ਵਜੇ ਜੱਸੀਆਂ ਰੋਡ 'ਤੇ ਚਾਕੂ ਦੀ ਨੋਕ 'ਤੇ 3 ਲੜਕੇ ਐਕਟਿਵਾ ਲੁੱਟ ਕੇ ਲੈ ਗਏ। ਵਾਰਦਾਤ ਸਮੇਂ ਸਫਾਈ ਕਰਮਚਾਰੀ ਘਰੋਂ ਡਿਊਟੀ 'ਤੇ ਜਾ ਰਿਹਾ ਸੀ। ਲੁਟੇਰਿਆਂ ਨੇ ਧੁੰਦ ਦਾ ਫਾਇਦਾ ਉਠਾਇਆ ਤੇ ਸਫਾਈ ਕਰਮਚਾਰੀ ਦੀਆਂ ਅੱਖਾਂ ਵਿਚ ਟਾਰਚ ਮਾਰ ਕੇ ਐਕਟਿਵਾ ਰੁਕਵਾਈ ਅਤੇ ਚਾਕੂ ਦੀ ਨੋਕ 'ਤੇ ਖੋਹ ਲਈ। ਸੜਕ 'ਤੇ ਸੈਰ ਕਰ ਰਹੇ ਲੋਕਾਂ ਨੂੰ ਆਉਂਦਿਆਂ ਦੇਖ ਕੇ ਤਿੰਨੋਂ ਉਸ ਦੀ ਐਕਟਿਵਾ 'ਤੇ ਫਰਾਰ ਹੋ ਗਏ। ਪਤਾ ਲੱਗਦੇ ਹੀ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਘਟਨਾ ਸਥਾਨ 'ਤੇ ਪਹੁੰਚੀ ਤੇ ਜਾਂਚ ਵਿਚ ਜੁਟ ਗਈ। ਜਾਣਕਾਰੀ ਦਿੰਦਿਆਂ ਇੰਸ. ਵਿਜੇ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਕੇਸ਼ ਕੁਮਾਰ ਨਿਵਾਸੀ ਫ੍ਰੈਂਡਜ਼ ਕਾਲੋਨੀ, ਜੱਸੀਆਂ ਰੋਡ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਸਵੇਰੇ ਜਦੋਂ ਉਹ ਘਰੋਂ ਜਾਣ ਲਈ ਨਿਕਲਿਆ ਤਾਂ ਧੁੰਦ ਦਾ ਫਾਇਦਾ ਉਠਾ ਕੇ ਪਹਿਲਾਂ ਤੋਂ ਰਸਤੇ ਵਿਚ ਖੜ੍ਹੇ ਲੁਟੇਰਿਆਂ ਨੇ ਉਸ ਨੂੰ ਕੁਝ ਦੂਰੀ 'ਤੇ ਰੋਕ ਲਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ, ਦੋ ਲੁਟੇਰਿਆਂ ਨੇ ਉਸ ਨੂੰ ਫੜ ਲਿਆ ਅਤੇ ਤੀਸਰੇ ਨੇ ਗਰਦਨ 'ਤੇ ਚਾਕੂ ਰੱਖ ਦਿੱਤਾ। ਉਨ੍ਹਾਂ ਨੇ ਤਲਾਸ਼ੀ ਵੀ ਲਈ ਪਰ ਜੇਬ ਵਿਚ ਪਿਆ ਮੋਬਾਇਲ ਅਤੇ ਪਰਸ ਨਾਲ ਨਹੀਂ ਲੈ ਕੇ ਗਏ।
ਕਾਫੀ ਦੂਰ ਤੱਕ ਗਿਆ ਪਿੱਛੇ, ਨਹੀਂ ਲੱਗੇ ਹੱਥ
ਮੁਕੇਸ਼ ਕੁਮਾਰ ਨੇ ਦੱਸਿਆ ਕਿ ਵਾਰਦਾਤ ਦੇ ਤੁਰੰਤ ਬਾਅਦ ਡੀ. ਐੱਮ. ਸੀ. ਦਾ ਇਕ ਹੋਰ ਕਰਮਚਾਰੀ ਉਥੋਂ ਲੰਘ ਰਿਹਾ ਸੀ, ਜੋ ਉਸ ਨੂੰ ਦੇਖ ਕੇ ਰੁਕਿਆ, ਉਹ ਉਸ ਦੀ ਬਾਈਕ 'ਤੇ ਬੈਠ ਕੇ ਲੁਟੇਰਿਆਂ ਦੇ ਪਿੱਛੇ ਗਿਆ, ਜਵਾਲਾ ਸਿੰਘ ਚੌਕ ਤੱਕ ਤਾਂ ਉਸ ਨੂੰ ਆਪਣੀ ਐਕਟਿਵਾ ਨਜ਼ਰ ਆਈ ਪਰ ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗ ਸਕਿਆ।
4 ਜਨਵਰੀ 2017 'ਚ ਇਸੇ ਐਕਟਿਵਾ ਨੂੰ ਸੀ ਲੁੱਟਿਆ
ਮੁਕੇਸ਼ ਕੁਮਾਰ ਨੇ ਦੱਸਿਆ ਕਿ 4 ਜਨਵਰੀ 2017 ਨੂੰ ਵੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੀ ਇਸ ਐਕਟਿਵਾ 'ਤੇ ਘਰੋਂ ਕੰਮ 'ਤੇ ਜਾ ਰਿਹਾ ਸੀ ਕਿ ਉਦੋਂ ਵੀ ਲੁਟੇਰਿਆਂ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਲੁੱਟ ਲਿਆ ਸੀ ਪਰ ਇਕ ਹਫਤੇ ਬਾਅਦ ਲੁਟੇਰੇ ਫੜੇ ਗਏ ਸਨ ਅਤੇ ਉਸ ਨੂੰ ਪੀ. ਏ. ਯੂ. ਪੁਲਸ ਸਟੇਸ਼ਨ ਤੋਂ ਐਕਟਿਵਾ ਮਿਲ ਗਈ ਸੀ, ਜਿਸ ਤੋਂ ਬਾਅਦ ਅੱਜ ਫਿਰ ਉਸੇ ਐਕਟਿਵਾ ਨੂੰ ਲੁੱਟ ਕੇ ਲੈ ਗਏ।


Related News