ਮਾਰਕੁੱਟ ਦੇ ਮਾਮਲੇ ''ਚ ਪਿਤਾ-ਪੁੱਤਰ ਸਣੇ 3 ਨੂੰ ਕੈਦ

12/14/2017 12:18:08 AM

ਅਬੋਹਰ(ਸੁਨੀਲ)—ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਨੇ ਮਾਰਕੁੱਟ ਦੇ ਮਾਮਲੇ 'ਚ ਪਿਤਾ -ਪੁੱਤਰ ਸਮੇਤ 3 ਨੂੰ ਦੋ-ਦੋ ਸਾਲ ਦੀ ਕੈਦ ਅਤੇ 500-500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਥਾਣਾ ਬਹਾਵਵਾਲਾ ਪੁਲਸ ਨੇ ਦਰਸ਼ਨ ਸਿੰਘ ਪੁੱਤਰ ਰੂਦਰ ਸਿੰਘ ਵਾਸੀ ਝੋਰੜਖੇੜਾ ਦੇ ਬਿਆਨਾਂ ਦੇ ਆਧਾਰ 'ਤੇ ਪਰਮਿੰਦਰ ਸਿੰਘ ਉਰਫ ਬਿੱਟੂ ਪੁੱਤਰ ਬੇਅੰਤ ਸਿੰਘ, ਆਕਾਸ਼ਦੀਪ ਪੁੱਤਰ ਪਰਮਿੰਦਰ ਸਿੰਘ, ਗਗਨਦੀਪ ਪੁੱਤਰ ਜਗਜੀਤ ਸਿੰਘ ਵਾਸੀ ਝੋਰੜਖੇੜਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਦੋਸ਼ ਸੀ ਕਿ ਪਰਮਿੰਦਰ ਸਿੰਘ, ਆਕਾਸ਼ਦੀਪ ਤੇ ਗਗਨਦੀਪ ਸਿੰਘ ਨੇ ਦਰਸ਼ਨ ਸਿੰਘ, ਉਸਦੀ ਪਤਨੀ, ਬਿੰਦਰ ਸਿੰਘ ਤੇ ਉਸਦੀ ਬੇਟੀ ਨਾਲ ਕਿਸੇ ਮਾਮਲੇ ਨੂੰ ਲੈ ਕੇ ਮਾਰਕੁੱਟ ਕੀਤੀ ਸੀ। ਥਾਣਾ ਬਹਾਵਵਾਲਾ ਦੇ ਮੁਖੀ ਕੁਲਦੀਪ ਸ਼ਰਮਾ, ਹੌਲਦਾਰ ਇੰਦਰਾਜ ਸਿੰਘ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਚਲਾਨ ਪੇਸ਼ ਕੀਤਾ। ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ 'ਚ ਦਰਸ਼ਨ ਸਿੰਘ ਦੇ ਵਕੀਲ ਤੇ ਸਰਕਾਰੀ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੂਜੇ ਪਾਸੇ ਪਿਤਾ- ਪੁੱਤਰ ਅਤੇ ਹੋਰ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਦੀਆਂ ਦਲੀਲਾਂ ਸੁਣਨ ਬਾਅਦ ਅਦਾਲਤ ਨੇ ਪਿਤਾ ਪਰਮਿੰਦਰ ਸਿੰਘ ਪੁੱਤਰ ਆਕਾਸ਼ਦੀਪ ਤੇ ਗਗਨਦੀਪ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2-2 ਸਾਲ ਦੀ ਕੈਦ ਤੇ 500-500 ਰੁਪਏ ਦੀ ਸਜ਼ਾ ਸੁਣਾਈ ਹੈ। 


Related News