ਸ਼ਰਾਰਤੀ ਅਨਸਰ ਸਾਈਨ ਬੋਰਡਾਂ ਨੂੰ ਪਹੁੰਚਾ ਰਹੇ ਨੇ ਨੁਕਸਾਨ
Saturday, Nov 25, 2017 - 12:15 AM (IST)

ਜਲਾਲਾਬਾਦ(ਬੰਟੀ)—ਸ਼ਹਿਰ ਅਤੇ ਨਾਲ ਲੱਗਦੀਆਂ ਸਲੱਮ ਬਸਤੀਆਂ ਤੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਸਮਾਜਸੇਵੀ ਤੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਸ਼ੋਕ ਛਾਬੜਾ (ਕਾਲੀ), ਸਮਾਜਸੇਵੀ ਸੁਰਿੰਦਰ ਕੁਮਾਰ (ਨੰਦਾ), ਉਦਯੋਗਪਤੀ ਸੰਦੀਪ ਵਧਵਾ (ਸੋਨੂੰ) ਤੇ ਸਮਾਜਸੇਵੀ ਬਲਵਿੰਦਰ ਕਪੂਰ (ਪੱਪੂ) ਨੇ ਕਿਹਾ ਕਿ ਬਾਰਡਰ ਪੱਟੀ 'ਤੇ ਵੱਸੇ ਛੋਟੇ ਜਿਹੇ ਕਸਬੇ ਜਲਾਲਾਬਾਦ ਨੂੰ ਕੈਲੇਫੋਰਨੀਆਂ ਬਣਾਉਣ ਦਾ ਸੁਪਨਾ ਲੈ ਕੇ ਇਥੋਂ ਵਿਧਾਇਕ ਬਣੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਗੱਠਜੋੜ ਅਕਾਲੀ-ਭਾਜਪਾ ਸਰਕਾਰ ਦੌਰਾਨ ਵਿਕਾਸ ਦੀਆਂ ਝੰਡੀਆਂ ਲਾ ਦਿੱਤੀਆਂ ਸਨ ਤੇ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਸਨ। ਜਿਨ੍ਹਾਂ ਵਿਚ ਸਾਇਨ ਬੋਰਡ ਵੀ ਸ਼ਹਿਰ ਦੀ ਐਂਟਰੀ ਤੋਂ ਲੈ ਕੇ ਸਰਕਾਰੀ ਦਫਤਰਾਂ, ਸ਼ਹਿਰ ਦੇ ਹਰ ਇਕ ਵਾਰਡ ਅਤੇ ਗਲੀਆਂ 'ਚ ਲਾਏ ਗਏ ਸਨ ਤਾਂ ਜੋ ਬਾਹਰ ਤੋਂ ਆ ਰਹੇ ਲੋਕਾਂ ਅਤੇ ਦਫਤਰੀ ਕੰਮਾਂ ਲਈ ਆਉਣ ਵਾਲੀ ਜਨਤਾ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਪਰ ਕੁਝ ਸ਼ਰਾਰਤੀ ਅਨਸਰਾਂ ਨੂੰ ਇਹ ਸਭ ਮਨਜ਼ੂਰ ਨਹੀਂ ਹੈ ਤੇ ਉਹ ਆਏ ਦਿਨ ਹੀ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨਂੋ ਬਾਜ਼ ਨਹੀਂ ਆਉਂਦੇ। ਅਜਿਹਾ ਹੀ ਦੇਖਣ ਨੂੰ ਮਿਲਦਾ ਹੈ ਸਥਾਨਕ ਸ਼ਹੀਦ ਊਧਮ ਸਿੰਘ ਚੌਕ ਤੋਂ ਲੈ ਕੇ ਬੱਲੂਆਣਾ ਫਾਟਕ ਤੱਕ ਅੱਧੀ ਦਰਜਨ ਦੇ ਕਰੀਬ ਸਾਈਨ ਬੋਰਡ ਨੁਕਸਾਨੇ ਪਏ ਹਨ ਤੇ ਬਾਕੀ ਸ਼ਹਿਰ 'ਚ ਵੀ ਨੁਕਸਾਨੇ ਸਾਇਨ ਬੋਰਡਾਂ ਦੀ ਭਰਮਾਰ ਹੈ, ਜਿਸ ਦਾ ਜਨਤਾ 'ਚ ਰੋਸ ਹੈ। ਸਮਾਜਸੇਵੀਆਂ ਦਾ ਕਹਿਣਾ ਹੈ ਕਿ ਇਹ ਨਸ਼ੇੜੀ ਕਿਸਮ ਦੇ ਲੋਕਾਂ ਦਾ ਕੰਮ ਹੈ, ਜੋ ਇਸ ਨੂੰ ਪੁੱਟਣ ਦੀ ਕੋਸ਼ਿਸ਼ ਕਰਦੇ ਹਨ ਤੇ ਕਈ ਵਾਰ ਤਾਂ ਕਾਮਯਾਬ ਹੋ ਜਾਂਦੇ ਹਨ ਤੇ ਨਹੀਂ ਤਾਂ ਉਸ ਦਾ ਨੁਕਸਾਨ ਕਰਕੇ ਅੱਗੇ ਚੱਲਦੇ ਬਣਦੇ ਹਨ। ਸਮਾਜਸੇਵੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਬਾਹਰੋਂ ਆਉਂਦੇ ਲੋਕਾਂ ਨੂੰ ਰਸਤਾ ਲੱਭਣ 'ਚ ਪ੍ਰੇਸ਼ਾਨੀ ਨਾ ਹੋਵੇ ਅਤੇ ਸ਼ਹਿਰ ਦੀ ਸੁੰਦਰਤਾ ਵੀ ਬਰਕਰਾਰ ਰਹੇ। ਇਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਜਲਦ ਤੋਂ ਜਲਦ ਠੱਲ੍ਹ ਪਾਈ ਜਾਵੇ ਤੇ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ।