ਬਦਸਲੂਕੀ, ਹੱਥੋਪਾਈ ਤੇ ਧਮਕਾਉਣ ਦੇ ਦੋਸ਼ ਹੇਠ ਕੌਂਸਲਰਪਤੀ ਵਿੱਕੀ ਚੱਢਾ ''ਤੇ ਕੇਸ ਦਰਜ
Friday, Oct 06, 2017 - 06:32 AM (IST)

ਜਲੰਧਰ - (ਮਹੇਸ਼)-ਦੀਪ ਨਗਰ ਵਾਸੀ 2 ਔਰਤਾਂ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਕੰਟੋਨਮੈਂਟ ਬੋਰਡ ਦੀ ਮਹਿਲਾ ਕੌਂਸਲਰ ਸੀਤਾ ਕੌਰ ਚੱਢਾ ਦੇ ਪਤੀ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਚਰਨਜੀਤ ਸਿੰਘ ਉਰਫ ਵਿੱਕੀ ਚੱਢਾ ਪੁੱਤਰ ਸਵ. ਪ੍ਰੀਤਮ ਸਿੰਘ ਚੱਢਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਤੇ ਪਰਾਗਪੁਰ ਪੁਲਸ ਚੌਕੀ ਇੰਚਾਰਜ ਕਮਲਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਚਰਨਜੀਤ ਸਿੰਘ ਚੱਢਾ ਤੇ ਉਸ ਦੇ ਸਾਥੀ ਹਰਨੇਕ ਸਿੰਘ ਖਿਲਾਫ ਦੀਪ ਨਗਰ ਵਾਸੀ ਔਰਤਾਂ ਗੁਰਪ੍ਰੀਤ ਕੌਰ ਪਤਨੀ ਇੰਦਰਪਾਲ ਸਿੰਘ ਤੇ ਊਸ਼ਾ ਪਤਨੀ ਬਨਵਾਰੀ ਲਾਲ ਨੇ ਪੰਜਾਬ ਪੁਲਸ ਪ੍ਰਮੁੱਖ ਨੂੰ ਉਨ੍ਹਾਂ ਨੂੰ ਧਮਕਾਉਣ, ਗਾਲ੍ਹਾਂ ਕੱਢਣ, ਹੱਥੋਪਾਈ ਕਰਨ ਤੇ ਬਦਸਲੂਕੀ ਕਰਨ ਦੀ ਸ਼ਿਕਾਇਤ ਦਿੱਤੀ ਸੀ, ਜਿਸ 'ਤੇ ਥਾਣਾ ਸਦਰ ਦੀ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਵਿੱਕੀ ਚੱਢਾ ਤੇ ਹਰਨੇਕ ਸਿੰਘ 'ਤੇ ਕੇਸ ਦਰਜ ਕਰ ਲਿਆ ਗਿਆ। ਦੋਵਾਂ ਵਿਚੋਂ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਹੈ।