ਰੇਡ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ਨੂੰ ਲੋਕਾਂ ਬਣਾਇਆ ਬੰਦੀ

09/23/2017 2:37:07 AM

ਬਠਿੰਡਾ(ਬਲਵਿੰਦਰ)- ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਥਾਨਕ ਠੇਕੇਦਾਰਾਂ ਨੂੰ ਇਕ ਸੂਚਨਾ ਮਿਲੀ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ 'ਚ ਕੁਝ ਲੋਕਾਂ ਵੱਲੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ 'ਤੇ ਉਨ੍ਹਾਂ ਐਕਸਾਈਜ਼ ਵਿਭਾਗ ਨੂੰ ਸੂਚਿਤ ਕੀਤਾ। ਜਿਸ 'ਤੇ ਜਦੋਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰਾਕੇਸ਼ ਕੁਮਾਰ ਨੇ ਪੁਲਸ ਦੇ ਦੋ ਕਰਮੀਆਂ ਸੰਦੀਪ ਸਿੰਘ, ਦਿਲਬਾਗ ਸਿੰਘ ਅਤੇ ਠੇਕੇਦਾਰ ਦੇ 10-12 ਲੋਕਾਂ ਸਮੇਤ ਉਕਤ ਸਥਾਨ 'ਤੇ ਰੇਡ ਕੀਤੀ ਤਾਂ ਉਨ੍ਹਾਂ ਨੇ ਉਥੋਂ 20 ਲੀਟਰ ਦੇ ਕਰੀਬ ਲਾਹਣ ਅਤੇ ਕੁਝ ਭਾਂਡੇ ਮਿਲੇ। ਇਸ ਤੋਂ ਪਹਿਲਾਂ ਕਿ ਰੇਡ ਕਰਨ ਵਾਲੀ ਟੀਮ ਕੋਈ ਕਾਰਵਾਈ ਕਰਦੀ, ਦੂਜੇ ਪਾਸਿਓਂ ਉਨ੍ਹਾਂ 'ਤੇ ਪੱਥਰ ਚਲਣੇ ਸ਼ੁਰੂ ਹੋ ਗਏ, ਜਿਸ 'ਤੇ ਠੇਕੇਦਾਰ ਦੇ ਉਕਤ ਵਿਅਕਤੀਆਂ 'ਚੋਂ ਕਿਸੇ ਇਕ ਨੇ ਫਾਇਰ ਕਰ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ ਅਤੇ ਨਾਲ ਹੀ ਇੰਸਪੈਕਟਰ ਵੀ ਉਥੋਂ ਭੱਜਣ 'ਚ ਸਫਲ ਹੋ ਗਿਆ ਪਰ ਫਾਇਰ ਕੀਤੇ ਜਾਣ ਕਾਰਨ ਮਚੀ ਭੱਜ-ਦੌੜ 'ਚ ਪਿੰਡ ਦਾ ਇਕ ਵਿਅਕਤੀ ਜਗਸੀਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਠੇਦੇਦਾਰ ਵੱਲੋਂ ਕੀਤੇ ਗਏ ਫਾਇਰ ਤੋਂ ਭੜਕੇ ਉਕਤ ਲੋਕਾਂ ਨੇ ਐਕਸਾਈਜ਼ ਵਿਭਾਗ ਦੇ ਉਕਤ ਦੋਵੇਂ ਪੁਲਸ ਕਰਮੀਆਂ ਨੂੰ ਬੰਦੀ ਬਣਾ ਲਿਆ। ਮਾਮਲਾ ਪ੍ਰਸ਼ਾਸਨ ਤੇ ਪੁਲਸ ਕੋਲ ਪਹੁੰਚਿਆ, ਜਿਸਦੇ ਚਲਦਿਆਂ ਸਥਾਨਕ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਉਕਤ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਉਕਤ ਦੋਵਾਂ ਪੁਲਸ ਕਰਮੀਆਂ ਨੂੰ ਆਜ਼ਾਦ ਕਰਵਾਇਆ ਗਿਆ। ਸਮਾਚਾਰ ਲਿਖੇ ਜਾਣ ਤਕ ਸਥਾਨਕ ਪੁਲਸ ਵੱਲੋਂ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਿਸੇ ਵਿਰੁੱਧ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।


Related News