ਬੰਗਾਲ ''ਚ ED ਤੋਂ ਬਾਅਦ NIA ਦੀ ਟੀਮ  ''ਤੇ ਹਮਲਾ, TMC ਨੇਤਾ ਘਰ ਰੇਡ ਦੌਰਾਨ ਭੀੜ ਨੇ ਕੀਤੀ ਪੱਥਰਬਾਜ਼ੀ

04/06/2024 1:36:54 PM

ਕੋਲਕਾਤਾ- ਪੱਛਮੀ ਬੰਗਾਲ 'ਚ ਕੇਂਦਰੀ ਜਾਂਚ ਏਜੰਸੀਆਂ ਖਿਲਾਫ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਸੰਦੇਸ਼ਖਾਲੀ 'ਚ ਈ.ਡੀ. ਦੀ ਟੀਮ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਹੁਣ ਐੱਨ.ਆਈ.ਏ. ਦੀ ਟੀਮ 'ਤੇ ਹਮਲੇ ਦੀ ਖਬਰ ਆ ਰਹੀ ਹੈ। ਸੂਤਰਾਂ ਮੁਤਾਬਕ, ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਭੂਪਤੀਨਗਰ 'ਚ ਸ਼ਨੀਵਾਰ ਸਵੇਰੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਇਕ ਟੀਮ 'ਤੇ ਹਮਲਾ ਹੋ ਗਿਆ। ਐੱਨ.ਆਈ.ਏ. ਅਧਿਕਾਰੀ, ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਦੇ ਘਰ 'ਤੇ 2022 'ਚ ਹੋਏ ਧਮਾਕੇ ਦੇ ਮਾਮਲੇ ਦੀ ਜਾਂਚ ਲਈ ਇੱਥੇ ਪਹੁੰਚੇ ਸਨ, ਉਸੇ ਸਮੇਂ ਭੜਕੀ ਭੀੜ ਨੇ ਉਨ੍ਹਾਂ ਦੀ ਕਾਰ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨਾਲ ਗੱਡੀ ਦਾ ਸਾਹਮਣੇ ਵਾਲਾ ਸ਼ੀਸ਼ਾ ਟੁੱਟ ਗਿਆ ਅਤੇ ਉਸ ਵਿਚ ਸਵਾਰ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ। ਇਹ ਘਟਨਾ ਸਵੇਰੇ ਕਰੀਬ 5.30 ਵਜੇ ਦੀ ਦੱਸੀ ਜਾ ਰਹੀ ਹੈ। 

ਦੱਸ ਦੇਈਏ ਕਿ 3 ਦਸੰਬਰ 2022 ਨੂੰ ਭੂਪਤੀਨਗਰ 'ਚ ਇਕ ਧਮਾਕਾ ਹੋਇਆ ਸੀ, ਜਿਸ ਵਿਚ ਇਕ ਘਰ ਦੀ ਪੂਰੀ ਦੀ ਪੂਰੀ ਛੱਤ ਹੀ ਉਡ ਗਈ ਸੀ ਅਤੇ ਇਸ ਧਮਾਕੇ ਕਾਰਨ 3 ਲੋਕਾਂ ਦੀ ਮੌਤ ਹੋਈ ਸੀ। ਐੱਨ.ਆਈ.ਏ. ਨੇ ਪਿਛਲੇ ਮਹੀਨੇ ਮਮਤਾ ਬੈਨਰਜੀ ਦੀ ਪਾਰਟੀ ਟੀ.ਐੱਮ.ਸੀ. ਦੇ 8 ਨੇਤਾਵਾਂ ਨੂੰ ਇਸ ਮਾਮਲੇ  'ਚ ਪੁੱਛਗਿੱਛ ਲਈ ਸੰਮਨ ਭੇਜਿਆ ਸੀ। ਤ੍ਰਿਣਮੂਲ ਕਾਂਗਰਸ ਕਹਿ ਰਹੀ ਹੈ ਕਿ ਐੱਨ.ਆਈ.ਏ. ਭਾਜਪਾ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ। 

ਨਿਊ ਟਾਊਨ ਇਲਾਕੇ ਵਿੱਚ ਇਨ੍ਹਾਂ ਆਗੂਆਂ ਨੂੰ 28 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਸੰਮਨਾਂ ਨੂੰ ਟਾਲ ਦਿੱਤਾ। ਟੀ.ਐੱਮ.ਸੀ. ਨੇਤਾ ਕੁਨਾਲ ਘੋਸ਼ ਨੇ ਇਸ ਸਭ ਦੇ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਰਾਸ਼ਨ ਘੋਟਾਲੇ ਵਿੱਚ ਸ਼ਾਮਲ ਸ਼ਾਹਜਹਾਂ ਸ਼ੇਖ ਨੂੰ ਗ੍ਰਿਫ਼ਤਾਰ ਕਰਨ ਗਈ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਟੀਮ ਉੱਤੇ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ਹਮਲਾ ਹੋਇਆ ਸੀ। ਬਾਅਦ ਵਿੱਚ ਸ਼ਾਹਜਹਾਂ ਸ਼ੇਖ ਅਤੇ ਉਸਦੇ ਗੁੰਡਿਆਂ ਦੁਆਰਾ ਸੰਦੇਸ਼ਖਾਲੀ ਵਿੱਚ ਕਬਾਇਲੀ ਭਾਈਚਾਰੇ ਦੀਆਂ ਔਰਤਾਂ ਦੇ ਵੱਡੇ ਪੱਧਰ 'ਤੇ ਜਿਨਸੀ ਸ਼ੋਸ਼ਣ ਦਾ ਖੁਲਾਸਾ ਹੋਇਆ।

ਛਾਪੇਮਾਰੀ ਦੌਰਾਨ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਐੱਨ.ਆਈ.ਏ. ਦੀ ਟੀਮ 'ਤੇ ਤਾਜ਼ਾ ਹਮਲਾ ਹੋਇਆ। ਐੱਨ.ਆਈ.ਏ. ਦੇ ਸੂਤਰਾਂ ਮੁਤਾਬਕ, ਸਥਾਨਕ ਪੁਲਿਸ ਸਟੇਸ਼ਨ ਨੂੰ ਛਾਪੇਮਾਰੀ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਪਰ ਸੁਰੱਖਿਆ ਦੇ ਉਚਿਤ ਪ੍ਰਬੰਧ ਨਹੀਂ ਕੀਤੇ ਗਏ ਸਨ। ਇਸ ਤੋਂ ਬਾਅਦ ਐੱਨ.ਆਈ.ਏ. ਦੀ ਟੀਮ ਨੇ ਬੈਕਅੱਪ ਨੂੰ ਬੁਲਾਇਆ। ਜਾਂਚ ਏਜੰਸੀ ਨੇ ਮਾਨਵੇਂਦਰ ਜਾਨਾ ਅਤੇ ਅਣਪਛਾਤੇ ਲੋਕਾਂ ਖਿਲਾਫ ਸਥਾਨਕ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਨਾਰਾਇਬੀਲਾ ਪਿੰਡ 'ਚ ਹੋਏ ਧਮਾਕੇ ਦੇ ਸਿਲਸਿਲੇ 'ਚ ਮਬਵੇਂਦਰ ਜਾਨਾ ਨੂੰ ਗ੍ਰਿਫਤਾਰ ਕਰਨ ਲਈ ਐੱਨ.ਆਈ.ਏ. ਪਹੁੰਚੀ ਸੀ।


Rakesh

Content Editor

Related News