ਪੁਲਸ ਤੋਂ ਪੋਕਲੇਨ ਮਸ਼ੀਨ ਖੋਹਣ ਤੇ ਡਿਊਟੀ ''ਚ ਵਿਘਨ ਪਾਉਣ ਦੇ ਦੋਸ਼ ''ਚ ਮਾਮਲਾ ਦਰਜ
Friday, Sep 08, 2017 - 12:53 AM (IST)
ਮਮਦੋਟ(ਸੰਜੀਵ, ਧਵਨ,ਕੁਮਾਰ)-ਪਿੰਡ ਚੱਕ ਖੁੰਦਰ ਵਿਖੇ ਨਾਜਾਇਜ਼ ਮਾਈਨਿੰਗ ਕਰਨ ਦੇ ਸਬੰਧ 'ਚ ਕਬਜ਼ੇ 'ਚ ਲਈ ਪੋਕਲੇਨ ਮਸ਼ੀਨ ਦੀ ਨਿਗਰਾਨੀ ਲਈ ਲੱਗੀ ਗਾਰਡ ਦੀ ਡਿਊਟੀ 'ਚ ਵਿਘਨ ਪਾਉਣ ਅਤੇ ਪੋਕਲੇਨ ਮਸ਼ੀਨ ਖੋਹਣ ਦੇ ਦੋਸ਼ 'ਚ ਨਾਮਜ਼ਦ ਕੀਤੇ 1 ਵਿਅਕਤੀ ਸਮੇਤ ਹੋਰ 30-40 ਅਣਪਛਾਤੇ ਵਿਅਕਤੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐੱਸ. ਐੱਚ. ਓ. ਰਣਜੀਤ ਸਿੰਘ ਨੇ ਦੱਸਿਆ ਕਿ ਕੱਲ ਕਰੀਬ 12:30 ਵਜੇ ਪਿੰਡ ਜਾਮਾਂ-ਰਖੱਈਆਂ ਅਤੇ ਖੁੰਦਰ ਉਤਾੜ੍ਹ ਦੇ ਵਿਚਾਲੇ ਬੰਦ ਪਈ ਰੇਤਾ ਦੀ ਖੱਡ 'ਚੋਂ ਨਾਜਾਇਜ਼ ਰੂਪ ਨਾਲ ਕੱਢੀ ਜਾ ਰਹੀ ਰੇਤਾ ਦੇ ਸਬੰਧ ਵਿਚ ਪੁਲਸ ਨੇ ਛਾਪੇਮਾਰੀ ਕਰ ਕੇ ਪੋਕਲੇਨ ਮਸ਼ੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਹੌਲਦਾਰ ਬਲਵੰਤ ਸਿੰਘ ਦੀ ਅਗਵਾਈ ਹੇਠ ਗਾਰਡ ਲਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 8 ਵਜੇ ਬਿੱਟੂ ਮੈਣੀ ਵਾਸੀ ਦਰੀਏ ਨੇ ਆਪਣੇ ਹੋਰ 30-40 ਸਾਥੀਆਂ ਸਮੇਤ ਪੁਲਸ ਮੁਲਾਜ਼ਮਾਂ ਨੂੰ ਘੇਰ ਲਿਆ ਅਤੇ ਪੋਕਲੇਨ ਦੇ ਚਾਲਕ ਨੇ ਜ਼ਬਰਦਸਤੀ ਮਸ਼ੀਨ ਭਜਾਉਣ ਦੀ ਕੋਸ਼ਿਸ਼ ਕੀਤੀ। ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਵਿਰੋਧ ਕਰਨ 'ਤੇ ਉਕਤ ਵਿਅਕਤੀਆਂ ਨੇ ਵਿਘਨ ਪਾ ਕੇ ਕਈ ਧਮਕੀਆਂ ਵੀ ਦਿੱਤੀਆਂ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕੇਸ ਦੀ ਜਾਂਚ ਏ. ਐੱਸ. ਆਈ. ਦਰਸ਼ਨ ਸਿੰਘ ਨੂੰ ਸੌਂਪ ਦਿੱਤੀ ਗਈ ਹੈ।
