ਲੁਧਿਆਣਾ ''ਚ ਲੱਗਿਆ ਭਾਰੀ ਜਾਮ, ਧਰਨੇ ''ਤੇ ਬੈਠੀਆਂ ਸਿੱਖ ਜੱਥੇਬੰਦੀਆਂ, ਪੜ੍ਹੋ ਪੂਰਾ ਮਾਮਲਾ

Friday, Jan 30, 2026 - 01:47 PM (IST)

ਲੁਧਿਆਣਾ ''ਚ ਲੱਗਿਆ ਭਾਰੀ ਜਾਮ, ਧਰਨੇ ''ਤੇ ਬੈਠੀਆਂ ਸਿੱਖ ਜੱਥੇਬੰਦੀਆਂ, ਪੜ੍ਹੋ ਪੂਰਾ ਮਾਮਲਾ

ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ 'ਚ ਖ਼ਾਕੀ ਇਕ ਵਾਰ ਫਿਰ ਦਾਗ਼ਦਾਰ ਹੋਈ ਹੈ। ਮਾਮੂਲੀ ਗੱਡੀ ਦੀ ਟੱਕਰ ਦੇ ਝਗੜੇ 'ਚ ਪੁਲਸ ਵਲੋਂ ਇਕ ਸਿੱਖ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਉਸ ਨਾਲ ਅਣਮਨੁੱਖੀ ਵਰਤਾਓ ਕਰਦਿਆਂ ਥਰਡ ਡਿਗਰੀ ਟਾਰਚਰ ਕੀਤਾ ਗਿਆ। ਪੁਲਸ ਦੀ ਇਸ ਬੇਰਹਿਮੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਜਦੋਂ ਆਪਣਾ ਦਰਦ ਵੀਡੀਓ ਜ਼ਰੀਏ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਤਾਂ ਦੇਖਦੇ ਹੀ ਦੇਖਦੇ ਮਾਮਲਾ ਜੰਗਲ ਦੀ ਅੱਗ ਵਾਂਗ ਫੈਲ ਗਿਆ। ਪੁਲਸ ਦੇ ਜ਼ੁਲਮ ਦੇ ਵਿਰੋਧ 'ਚ ਸਿੱਖ ਜੱਥੇਬੰਦੀਆਂ ਅਤੇ ਟੈਕਸੀ ਯੂਨੀਅਨ ਦਾ ਗੁੱਸਾ ਫੁੱਟ ਗਿਆ। ਇਸ ਦਾ ਨਤੀਜਾ ਸ਼ੁੱਕਰਵਾਰ ਨੂੰ ਭਾਰਤ ਨਗਰ ਚੌਂਕ 'ਤੇ ਚੱਕਾ ਜਾਮ ਦੇ ਰੂਪ 'ਚ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਅਜੀਬੋ-ਗਰੀਬ ਘਟਨਾ! ਦੇਖਣ ਅਤੇ ਸੁਣਨ ਵਾਲਿਆਂ ਨੂੰ ਨਹੀਂ ਹੋ ਰਿਹਾ ਯਕੀਨ

ਜਾਣਕਾਰੀ ਮੁਤਾਬਕ ਝਗੜੇ ਦੀ ਸ਼ੁਰੂਆਤ ਸਿਰਫ ਇਕ ਮਾਮੂਲੀ ਗੱਡੀ ਦੀ ਟੱਕਰ ਨਾਲ ਹੋਈ ਸੀ। ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ ਕਾਨੂੰਨ ਨੂੰ ਹੱਥਾਂ 'ਚ ਲੈਂਦੇ ਹੋਏ ਸਿੱਖ ਨੌਜਵਾਨ ਨੂੰ ਨਾ ਸਿਰਫ ਬੇਇੱਜ਼ਤ ਕੀਤਾ, ਸਗੋਂ ਉਸ ਨੂੰ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ। ਜ਼ਖਮੀ ਨੌਜਵਾਨ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਇਕ ਵੀਡੀਓ ਵਾਇਰਲ ਕੀਤੀ, ਜਿਸ 'ਚ ਉਸ ਨੇ ਪੁਲਸ ਵਲੋਂ ਕੁੱਟਣ ਦੇ ਨਿਸ਼ਾਨ ਦਿਖਾਏ। ਵੀਡੀਓ ਸਾਹਮਣੇ ਆਉਂਦੇ ਹੀ ਸਿੱਖ ਸੰਗਠਨਾਂ 'ਚ ਭਾਰੀ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਧਰਮ ਅਤੇ ਇਨਸਾਨੀਅਤ 'ਤੇ ਹਮਲਾ ਕਰਾਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ! ਰਿਪੋਰਟ 'ਚ ਹੋਇਆ ਹੈਰਾਨ ਕਰਦਾ ਖ਼ੁਲਾਸਾ

ਸ਼ੁੱਕਰਵਾਰ ਸਵੇਰੇ ਵੱਡੀ ਗਿਣਤੀ 'ਚ ਟੈਕਸੀ ਯੂਨੀਅਨ ਦੇ ਮੈਂਬਰ ਅਤੇ ਸਿੱਖ ਸੰਗਠਨਾਂ ਦੇ ਨੁਮਾਇੰਦੇ ਭਾਰਤ ਨਗਰ ਚੌਂਕ 'ਤੇ ਇਕੱਠੇ ਹੋਏ ਅਤੇ ਸੜਕਾਂ ਦੇ ਵਿਚਕਾਰ ਧਰਨਾ ਲਾ ਕੇ ਬੈਠ ਗਏ। ਪ੍ਰਦਰਸ਼ਨਕਾਰੀਆਂ ਨੇ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਜਿਨ੍ਹਾਂ ਪੁਲਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਟਾਰਚਰ ਕੀਤਾ ਹੈ, ਉਨ੍ਹਾਂ 'ਤੇ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਚੱਕਾ ਜਾਮ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਗੜਬੜਾ ਗਈ ਅਤੇ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਪਰ ਪ੍ਰਦਰਸ਼ਨਕਾਰੀ ਦੋਸ਼ੀ ਮੁਲਾਜ਼ਮਾਂ 'ਤੇ ਕਾਰਵਾਈ ਹੋਣ ਤੱਕ ਹਟਣ ਨੂੰ ਤਿਆਰ ਨਹੀਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News