ਸੀਵਰੇਜ ''ਚੋਂ 8 ਮਹੀਨੇ ਦਾ ਭਰੂਣ ਬਰਾਮਦ

Saturday, Sep 02, 2017 - 03:17 AM (IST)

ਬਠਿੰਡਾ(ਪਾਇਲ)-ਸੀਵਰੇਜ 'ਚੋਂ 8 ਮਹੀਨੇ ਦੇ ਬੱਚੇ (ਲੜਕੇ) ਦਾ ਭਰੂਣ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਾਮ ਕੱਚਾ ਧੋਬੀਆਣਾ ਬਸਤੀ 'ਚ ਸਫਾਈ ਵਰਕਰਾਂ ਨੇ ਸੀਵਰੇਜ ਦੀ ਸਫਾਈ ਕਰਨ ਲਈ ਜਿਵੇਂ ਮੈਨਹੋਲ ਦਾ ਢੱਕਣ ਚੁੱਕਿਆ ਤਾਂ ਉਸ 'ਚ ਇਕ ਮ੍ਰਿਤਕ ਭਰੂਣ ਨਜ਼ਰ ਆਇਆ। ਵਰਕਰਾਂ ਨੇ ਥਾਣਾ ਕੈਂਟ ਪੁਲਸ ਅਤੇ ਸਹਾਰਾ ਜਨਸੇਵਾ ਨੂੰ ਸੂਚਿਤ ਕੀਤਾ। ਸੰਸਥਾ ਮੈਂਬਰ ਸੰਦੀਪ ਗਿੱਲ ਤੇ ਸਰਬਜੀਤ ਸਿੰਘ ਨੇ ਪੁਲਸ ਦੀ ਹਾਜ਼ਰੀ 'ਚ ਭਰੂਣ ਬਾਹਰ ਕੱਢਿਆ। ਭਰੂਣ ਕਰੀਬ 7-8 ਮਹੀਨੇ ਦਾ ਪ੍ਰਤੀਤ ਹੁੰਦਾ ਸੀ। ਇੰਝ ਪ੍ਰਤੀਤ ਹੁੰਦਾ ਸੀ ਕਿ ਕਿਸੇ ਕੁਆਰੀ ਮਾਂ ਨੇ ਲੋਕ-ਲਾਜ ਦੇ ਡਰ ਤੋਂ ਭਰੂਣ ਹੱਤਿਆ ਕਰਵਾ ਕੇ ਲਾਸ਼ ਸੀਵਰੇਜ 'ਚ ਸੁੱਟ ਦਿੱਤੀ ਹੋਵੇਗੀ। ਥਾਣਾ ਕੈਂਟ ਪੁਲਸ ਨੇ ਸਫਾਈ ਕਰਮਚਾਰੀ ਲਾਲ ਚੰਦ ਵਾਸੀ ਬੇਅੰਤ ਨਗਰ ਦੇ ਬਿਆਨਾਂ 'ਤੇ ਅਣਪਛਾਤੀ ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭਰੂਣ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਹੈ।
ਬੱਚਾ ਮਾਰੋ ਨਾ, ਪੰਘੂੜੇ 'ਚ ਛੱਡੋ
ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਸੂਮ ਬੱਚਿਆਂ ਨੂੰ ਮਾਰਨ ਦੀ ਬਜਾਏ ਰੈੱਡ ਕ੍ਰਾਸ ਵੱਲੋਂ ਸੰਚਾਲਿਤ ਪੰਘੂੜੇ 'ਚ ਛੱਡ ਦਿਓ। ਭਰੂਣ ਹੱਤਿਆ ਕਰਨਾ ਬੇਹਦ ਸ਼ਰਮਨਾਕ ਜੁਰਮ ਅਤੇ ਪਾਪ ਹੈ, ਇਸ ਲਈ ਇਸ ਤੋਂ ਬਚੋਂ।


Related News