ਕਿਥੇ ਨੇ ਗਊ ਰੱਖਿਅਕ : ਫਿਰ ਹੋਈਆਂ ਠੇਕੇ ''ਤੇ ਗਊ ਹੱਤਿਆਵਾਂ

Saturday, Dec 30, 2017 - 03:47 AM (IST)

ਬਠਿੰਡਾ(ਬਲਵਿੰਦਰ, ਰਜਿੰਦਰ)-ਗਊ ਰੱਖਿਆ ਜਾਂ ਗਊ ਹੱਤਿਆ ਦੇ ਮੁੱਦੇ 'ਤੇ ਭਾਰਤ 'ਚ ਚਿਰਾਂ ਤੋਂ ਸਿਆਸਤ ਜਾਰੀ ਹੈ ਪਰ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ। ਬੀਤੀ ਰਾਤ ਬਰਨਾਲਾ ਰੋਡ 'ਤੇ ਬੜੀ ਬੇਰਹਿਮੀ ਨਾਲ ਡਾਲਾ ਖੋਲ੍ਹ ਕੇ ਅੱਧੀ ਦਰਜਨ ਗਊਆਂ ਦੀ ਹੱਤਿਆ ਕਰ ਦਿੱਤੀ ਗਈ, ਜੋ ਕਿ ਠੇਕੇਦਾਰੀ ਸਿਸਟਮ ਦਾ ਹਿੱਸਾ ਹੈ। ਇਹ ਇਕ ਮੰਦਭਾਗੀ ਘਟਨਾ ਹੈ ਪਰ ਹਲਕਾ ਫੂਲ ਦਾ ਵਿਧਾਇਕ ਇਸ ਤੋਂ ਬੇਖ਼ਬਰ ਹੈ ਤੇ ਹਿੰਦੂਆਂ 'ਚ ਭਾਰੀ ਰੋਸ ਫੈਲ ਗਿਆ ਹੈ। ਜ਼ਿਲਾ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਣ 'ਚ ਫੇਲ ਸਾਬਤ ਹੋ ਰਿਹਾ ਹੈ ਕਿਉਂਕਿ ਇਸੇ ਤਰ੍ਹਾਂ ਦੀ ਘਟਨਾ ਸੰਗਤ ਮੰਡੀ ਖੇਤਰ ਵਿਚ ਵੀ ਇਕ ਦਿਨ ਪਹਿਲਾਂ ਵਾਪਰ ਚੁੱਕੀ ਹੈ। 
ਡਾਲਾ ਖੋਲ੍ਹ ਕੇ ਸੁੱਟੀਆਂ ਗਊਆਂ
ਗਊਵੰਸ਼ ਨੂੰ ਭਾਰਤ 'ਚ ਹਿੰਦੂ ਦੇਵਤਿਆਂ ਦੇ ਬਰਾਬਰ ਦਾ ਦਰਜਾ ਹਾਸਲ ਹੈ, ਜਿਸ ਦੀ ਰੱਖਿਆ ਕਰਨਾ ਹਰੇਕ ਭਾਰਤੀ ਦਾ ਪਹਿਲਾ ਫਰਜ਼ ਹੈ ਪਰ ਆਏ ਦਿਨ ਕਿਤੇ ਨਾ ਕਿਤੇ ਗਊ ਹੱਤਿਆਵਾਂ ਹੋ ਰਹੀਆਂ ਹਨ। ਅੱਜ ਸਵੇਰੇ ਪਿੰਡ ਜੇਠੂਕੇ ਨੇੜੇ ਬਰਨਾਲਾ ਰੋਡ 'ਤੇ ਤਿੰਨ ਕਿਲੋਮੀਟਰ ਦੇ ਖੇਤਰ ਵਿਚ ਅੱਧੀ ਦਰਜਨ ਗਊਆਂ ਦੀਆਂ ਲਾਸ਼ਾਂ ਪਈਆਂ ਸਨ, ਜਿਨ੍ਹਾਂ ਦੇ ਉੱਪਰੋਂ ਵਾਹਨ ਲੰਘ ਰਹੇ ਸਨ, ਜਿਸ ਕਾਰਨ ਗਊਆਂ ਦੇ ਕਈ ਹਿੱਸੇ ਬੁਰੀ ਤਰ੍ਹਾਂ ਕੁਚਲੇ ਗਏ ਸਨ। ਘਟਨਾ ਤੋਂ ਸਪੱਸ਼ਟ ਹੈ ਕਿ ਕੈਂਟਰ ਆਦਿ ਵਾਹਨ 'ਚ ਦਰਜਨ ਭਰ ਗਊਆਂ ਭਰੀਆਂ ਹੋਈਆਂ ਸਨ। ਜੋ ਰਾਤ ਸਮੇਂ ਰਾਮਪੁਰਾ ਫੂਲ ਦੇ ਹੀ ਪਿੰਡਾਂ 'ਚੋਂ ਲੱਦੀਆਂ ਗਈਆਂ ਤੇ ਵਾਹਨ ਨੂੰ ਮੁੱਖ ਰੋਡ 'ਤੇ ਤਪਾ ਵੱਲ ਨੂੰ ਭਜਾ ਲਿਆ ਗਿਆ। ਅੱਗੇ ਜਾ ਕੇ ਜੇਠੂਕੇ ਪਿੰਡ ਤੋਂ ਪਹਿਲਾਂ ਵਾਹਨ ਦਾ ਡਾਲਾ ਖੋਲ੍ਹ ਦਿੱਤਾ ਗਿਆ। ਬ੍ਰੇਕਾਂ ਮਾਰ-ਮਾਰ ਕੇ ਵਾਹਨ ਨੂੰ ਚਲਾਇਆ ਗਿਆ, ਜਿਸ ਕਾਰਨ ਗਊਆਂ ਖੁੱਲ੍ਹੇ ਡਾਲੇ 'ਚੋਂ ਹੇਠਾਂ ਡਿਗਦੀਆਂ ਰਹੀਆਂ। ਸਿੱਟੇ ਵਜੋਂ ਕੁਝ ਗਊਆਂ ਡਿਗ ਕੇ ਮਰ ਗਈਆਂ ਤੇ ਕੁਝ ਜ਼ਖਮੀ ਹੋ ਗਈਆਂ। ਜ਼ਖਮੀ ਗਊਆਂ ਸੜਕ ਤੋਂ ਪਾਸੇ ਨਹੀਂ ਹਟ ਸਕੀਆਂ ਤੇ ਉਨ੍ਹਾਂ ਨੂੰ ਹੋਰ ਵਾਹਨਾਂ ਨੇ ਕੁਚਲ ਦਿੱਤਾ। ਇਸ ਤੋਂ ਇਲਾਵਾ 1 ਗਊ, ਜਿਸ ਦੀਆਂ ਲੱਤਾਂ ਟੁੱਟ ਚੁੱਕੀਆਂ ਸਨ, ਸੜਕ ਕਿਨਾਰੇ ਬੈਠੀ ਸੀ, ਜਦਕਿ ਕੁਝ ਹੋਰ ਜ਼ਖਮੀ ਹਾਲਤ ਵਿਚ ਖੇਤਾਂ 'ਚ ਦਾਖਲ ਹੋ ਗਈਆਂ।
ਕੁੱਤੇ ਖਾ ਰਹੇ ਸਨ ਗਊਆਂ ਨੂੰ
ਬੜੇ ਸ਼ਰਮ ਦੀ ਗੱਲ ਹੈ ਕਿ ਰਾਤ ਦੀ ਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤੇ ਦੁਪਹਿਰ ਤੱਕ ਮਰੀਆਂ ਗਊਆਂ ਦਾ ਮਾਸ ਕੁੱਤੇ ਨੋਚ ਰਹੇ ਸਨ। ਇਹ ਨਾ ਸਿਰਫ ਧਾਰਮਕ ਭਾਵਨਾਵਾਂ ਨੂੰ ਠੇਸ ਹੈ, ਬਲਕਿ ਹਾਦਸਿਆਂ ਨੂੰ ਵੀ ਸੱਦਾ ਹੈ ਕਿਉਂਕਿ ਗਊਆਂ ਦੀਆਂ ਲਾਸ਼ਾਂ ਸੜਕ ਵਿਚਕਾਰ ਪਈਆਂ ਸਨ, ਜੋ ਹੋਰ ਵਾਹਨਾਂ ਲਈ ਔਕੜ ਵੀ ਸਨ।
ਬਹੁਤ ਮੰਦਭਾਗੀ ਘਟਨਾ ਹੈ : ਯੋਗੇਸ਼ ਬਾਤਿਸ਼
ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਮੀਤ ਪ੍ਰਧਾਨ ਯੋਗੇਸ਼ ਬਾਤਿਸ਼ ਨੇ ਕਿਹਾ ਕਿ ਇਹ ਘਟਨਾਵਾਂ ਬਹੁਤ ਮੰਦਭਾਗੀਆਂ ਹਨ, ਜਿਨ੍ਹਾਂ ਬਾਰੇ ਬਹੁਤ ਅਫਸੋਸ ਹੋਇਆ। ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸਬੰਧ ਵਿਚ ਗੰਭੀਰ ਕਦਮ ਚੁੱਕਦੇ ਹੋਏ ਸਖ਼ਤੀ ਵਰਤੀ ਜਾਵੇ ਕਿਉਂਕਿ ਇਹ ਵਰਤਾਰਾ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਨੂੰ ਵੀ ਚਾਹੀਦਾ ਹੈ ਕਿ ਗਊਵੰਸ਼ ਨੂੰ ਸੰਭਾਲਿਆ ਜਾਵੇ। ਕਿਸਾਨ ਵੀਰਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੀਆਂ ਫਸਲਾਂ ਨੂੰ ਜ਼ਰੂਰ ਬਚਾਉਣ ਪਰ ਗਊਆਂ ਦੀਆਂ ਲਾਸ਼ਾਂ ਵਿਛਾਉਣ ਤੋਂ ਬਚਾਅ ਕੀਤਾ ਜਾਵੇ। 
ਗਊ ਹੱਤਿਆ ਮਾਮਲੇ 'ਚ ਅਣਪਛਾਤੇ ਨਾਮਜ਼ਦ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਉਕਤ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਪੜਤਾਲ ਆਰੰਭ ਦਿੱਤੀ ਹੈ, ਜਦਕਿ ਅੱਜ ਰਾਤ ਤੋਂ ਨਾਕਾਬੰਦੀ ਵੀ ਕਰਵਾਈ ਜਾ ਰਹੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਜਰੰਗ ਦਲ ਦੇ ਆਗੂਆਂ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦਕਿ ਅਗਲੀ ਕਾਰਵਾਈ ਵੀ ਸ਼ੁਰੂ ਹੈ।
ਜੇਕਰ ਇਸ ਘਟਨਾਕ੍ਰਮ ਨੂੰ ਠੇਕੇ 'ਤੇ ਹੁੰਦੀਆਂ ਗਊ ਹੱਤਿਆਵਾਂ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਇਲਾਕੇ ਵਿਚ ਕੁਝ ਅਜਿਹੇ ਵਿਅਕਤੀ ਹਨ, ਜੋ ਖੁਦ ਨੂੰ ਠੇਕੇਦਾਰ ਕਹਿੰਦੇ ਹਨ। ਇਕ ਠੇਕੇਦਾਰ ਕੋਲ ਪ੍ਰਤੀ ਪਿੰਡ 20-25 ਵਿਅਕਤੀ ਹੁੰਦੇ ਹਨ। ਪਿੰਡ ਦੇ ਸਾਰੇ ਕਿਸਾਨ ਪ੍ਰਤੀ ਏਕੜ ਪੈਸੇ ਇਕੱਠੇ ਕਰ ਕੇ ਪ੍ਰਤੀ ਸਾਲ ਦੇ ਹਿਸਾਬ ਨਾਲ ਠੇਕੇਦਾਰ ਨੂੰ ਦਿੰਦੇ ਹਨ, ਜੋ 5 ਤੋਂ 8 ਲੱਖ ਰੁਪਏ ਹੁੰਦੇ ਹਨ। ਠੇਕੇਦਾਰ ਪਿੰਡ ਦੇ ਖੇਤਾਂ ਦੀ ਹੱਦਬੰਦੀ ਕਰ ਕੇ ਨਾਕਾਬੰਦੀ ਕਰ ਦਿੰਦਾ ਹੈ। ਠੇਕੇਦਾਰ ਦੇ ਬੰਦੇ ਗਊਆਂ ਨੂੰ ਆਪਣੀ ਜੂਹ 'ਚ ਦਾਖਲ ਨਹੀਂ ਹੋਣ ਦਿੰਦੇ। ਜਦਕਿ ਜੂਹ ਦੇ ਅੰਦਰ ਫਿਰਦੇ ਗਊਵੰਸ਼ ਨੂੰ ਫੜ ਕੇ ਜੂਹ ਤੋਂ ਬਾਹਰ ਮੁੱਖ ਸੜਕ 'ਤੇ ਉਕਤ ਵਾਂਗ ਸੁੱਟ ਦਿੱਤਾ ਜਾਂਦਾ ਹੈ। ਬੀਤੀ ਰਾਤ ਬਰਨਾਲਾ ਰੋਡ 'ਤੇ ਜੋ ਘਟਨਾ ਹੋਈ, ਉਸੇ ਤਰ੍ਹਾਂ ਦੀ ਘਟਨਾ ਸੰਗਤ ਮੰਡੀ ਖੇਤਰ ਵਿਚ ਵੀ ਵਾਪਰੀ ਹੈ।


Related News