ਬਾਜ਼ਾਰ ''ਚੋਂ ਨਾਜਾਇਜ਼ ਕਬਜ਼ੇ ਹਟਾਉਣ ''ਚ ਕੌਂਸਲ ਫੇਲ
Wednesday, Nov 22, 2017 - 06:17 AM (IST)
ਨਵਾਂਸ਼ਹਿਰ, (ਮਨੋਰੰਜਨ)- ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਜ਼ਾਨਾ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਾਜਾਇਜ਼ ਤੌਰ 'ਤੇ ਆਪਣੀਆਂ ਦੁਕਾਨਾਂ ਦਾ ਸਾਮਾਨ ਡਿਸਪਲੇਅ ਲਈ ਬਾਹਰ ਸੜਕ ਕਿਨਾਰੇ ਲਾ ਰਹੇ ਹਨ, ਜਿਸ ਕਾਰਨ ਸੜਕ ਦਾ ਮਾਰਗ ਛੋਟਾ ਹੋ ਜਾਂਦਾ ਹੈ ਅਤੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹੀ ਨਹੀਂ ਕੁਝ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਸਟਾਲ ਲਵਾਏ ਜਾਂਦੇ ਹਨ ਅਤੇ ਰੇਹੜੀਆਂ ਵੀ ਲਵਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਦੇ ਕਬਜ਼ੇ ਹਟਾਉਣ ਲਈ ਕੌਂਸਲ ਸਿਰਫ ਖਾਨਾਪੂਰਤੀ ਕਰ ਰਹੀ ਹੈ। ਪਿਛਲੇ ਸਮੇਂ ਵੀ ਨਗਰ ਕੌਂਸਲ ਦੀ ਟੀਮ ਨੇ ਖਾਨਾਪੂਰਤੀ ਕਰਦਿਆਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਕੁਝ ਰੇਹੜੀਆਂ ਤੇ ਕਾਊਂਟਰ ਆਦਿ ਸਾਮਾਨ ਕਬਜ਼ੇ ਵਿਚ ਲਿਆ ਪਰ ਸਾਰੇ ਦੁਕਾਨਦਾਰਾਂ ਦੇ ਕਬਜ਼ੇ ਨਹੀਂ ਹਟਾਏ ਜਦੋਂਕਿ ਕਾਰਵਾਈ ਦੇ ਕੁਝ ਹੀ ਮਿੰਟਾਂ ਬਾਅਦ ਦੁਕਾਨਦਾਰਾਂ ਨੇ ਮੁੜ ਸੜਕ ਵਿਚ ਆਪਣਾ ਸਾਮਾਨ ਰੱਖ ਲਿਆ।
6 ਫੁੱਟ ਤੱਕ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ
ਨਗਰ ਕੌਂਸਲ ਦੀ ਕਾਰਵਾਈ ਨੂੰ ਨਜ਼ਰਅੰਦਾਜ਼ ਕਰਦੇ ਹੋਏ ਤਾਰਾ ਆਈਸ ਫੈਕਟਰੀ ਰੋਡ 'ਤੇ ਦੁਕਾਨਦਾਰ ਆਪਣੀ ਦੁਕਾਨ ਦਾ ਸਾਮਾਨ ਸੜਕ 'ਚ ਲਗਾਉਂਦੇ ਹਨ। ਦੁਕਾਨਦਾਰਾਂ ਵੱਲੋਂ ਦੁਕਾਨ ਦੇ ਬਾਹਰ ਕਰੀਬ 6 ਫੁੱਟ ਤੱਕ ਸਰਕਾਰੀ ਜ਼ਮੀਨ 'ਤੇ ਸਾਮਾਨ ਸਜਾਇਆ ਗਿਆ ਹੈ ਤੇ ਸਟਾਲ ਲਾਏ ਹਨ, ਉਥੇ ਕੋਠੀ ਰੋਡ ਦੇ ਕੁਝ ਦੁਕਾਨਦਾਰਾਂ ਦਾ ਦੋਸ਼ ਹੈ ਕਿ ਕੌਂਸਲ ਦੀ ਮਿਲੀਭੁਗਤ ਕਾਰਨ ਸਿਰਫ ਕੁਝ ਲੋਕਾਂ 'ਤੇ ਕਾਰਵਾਈ ਕਰ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਪੱਖਪਾਤ ਦੇ ਕਾਰਨ ਬਾਜ਼ਾਰਾਂ ਵਿਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਕੌਂਸਲ ਚਾਹੇ ਤਾਂ ਇਕ ਇੰਚ ਵੀ ਬਾਹਰ ਦੁਕਾਨਦਾਰ ਸਾਮਾਨ ਨਹੀਂ ਲਗਾ ਸਕਦਾ ਪਰ ਇਥੇ ਸਭ ਕੁਝ ਮਿਲੀਭੁਗਤ ਨਾਲ ਚੱਲ ਰਿਹਾ ਹੈ।
ਰੇਹੜੀ ਵਾਲਿਆਂ ਨੂੰ ਦੁਕਾਨਦਾਰ ਦਿੰਦੇ ਹਨ ਬਿਜਲੀ ਕੁਨੈਕਸ਼ਨ
ਕੋਠੀ ਰੋਡ, ਆਰੀਆ ਸਮਾਜ ਰੋਡ, ਗੀਤਾ ਭਵਨ ਰੋਡ, ਤਾਰਾ ਆਈਸ ਫੈਕਟਰੀ ਰੋਡ 'ਤੇ ਲੱਗਣ ਵਾਲੀਆਂ ਖਾਣ-ਪੀਣ ਦੇ ਸਾਮਾਨ ਵਾਲੀਆਂ ਰੇਹੜੀਆਂ ਵਾਲਿਆਂ ਨੂੰ ਦੁਕਾਨਦਾਰ ਬਿਜਲੀ ਦਾ ਕੁਨੈਕਸ਼ਨ ਵੀ ਦਿੰਦੇ ਹਨ, ਜਿਸ 'ਤੇ ਨਾ ਹੀ ਬਿਜਲੀ ਵਿਭਾਗ ਦਾ ਧਿਆਨ ਹੈ ਅਤੇ ਨਾ ਹੀ ਨਗਰ ਕੌਂਸਲ ਦਾ ਧਿਆਨ ਜਾਂਦਾ ਹੈ। ਦੁਕਾਨਦਾਰਾਂ ਵੱਲੋਂ ਇਨ੍ਹਾਂ ਰੇਹੜੀ ਵਾਲਿਆਂ ਤੋਂ ਰੋਜ਼ਾਨਾ ਕਿਰਾਇਆ ਵੀ ਵਸੂਲਿਆ ਜਾਂਦਾ ਹੈ।
ਰੋਜ਼ਾਨਾ ਹੋਵੇਗੀ ਕਾਰਵਾਈ : ਈ.ਓ.
ਇਸ ਸਬੰਧ ਵਿਚ ਨਗਰ ਕੌਂਸਲ ਦੇ ਈ.ਓ. ਰਣਬੀਰ ਸਿੰਘ ਨੇ ਕਿਹਾ ਕਿ ਕੌਂਸਲ ਵੱਲੋਂ ਬਾਜ਼ਾਰਾਂ ਵਿਚ ਲਗਾਤਾਰ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਇਸ ਸਮੱਸਿਆ ਨਾਲ ਸਖਤੀ ਨਾਲ ਨਿਪਟਣ ਲਈ ਕੌਂਸਲ ਤੱਤਪਰ ਹੈ।
