ਕੈਨੇਡਾ ''ਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਾਤ ''ਚ ਮੌਤ! ਪਾਰਕ ''ਚੋਂ ਮਿਲੀ ਅਨਮੋਲਦੀਪ ਕੌਰ ਦੀ ਲਾਸ਼
Friday, Apr 24, 2026 - 04:44 PM (IST)
ਲੁਧਿਆਣਾ : ਕੈਨੇਡਾ ਵਿਚ ਇਕ 26 ਸਾਲਾ ਪੰਜਾਬੀ ਕੁੜੀ ਦੀ ਭੇਤਭਰੀ ਹਾਲਾਤ ਵਿਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਅਨਮੋਲਦੀਪ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਨਵੀਂ ਆਬਾਦੀ ਅਕਾਲਗੜ੍ਹ ਸੁਧਾਰ ਬਾਜ਼ਾਰ ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਾਰਕ ਵਿਚ ਬੈਂਚ 'ਤੇ ਬੈਠੇ-ਬੈਠੇ ਮੌਤ ਹੋ ਗਈ।
ਇਹ ਘਟਨਾ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਹੈ। ਜਾਣਕਾਰੀ ਅਨੁਸਾਰ, ਅਨਮੋਲਦੀਪ ਰੋਜ਼ਾਨਾ ਦੀ ਤਰ੍ਹਾਂ ਜਾਰਜੀਅਨ ਕਾਲਜ ਬੈਰੀ ਅਤੇ ਆਪਣੇ ਘਰ ਦੇ ਵਿਚਕਾਰ ਸਥਿਤ ਇਕ ਪਾਰਕ ਵਿਚ ਸੈਰ ਕਰਨ ਗਈ ਸੀ। ਜਦੋਂ ਉਹ ਕਾਫੀ ਦੇਰ ਤੱਕ ਬੈਂਚ 'ਤੇ ਬਿਨਾਂ ਕਿਸੇ ਹਿਲਜੁੱਲ ਦੇ ਬੈਠੀ ਰਹੀ, ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਹਿਲਾ ਕੇ ਦੇਖਿਆ, ਪਰ ਉਸ ਦੇ ਸਾਹ ਰੁਕ ਚੁੱਕੇ ਸਨ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਕੈਨੇਡਾ ਪੁਲਸ ਨੂੰ ਦਿੱਤੀ।
ਫ਼ੌਜ ਤੋਂ ਸੇਵਾਮੁਕਤ ਸੂਬੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਨਮੋਲਦੀਪ ਸਾਲ 2021 ਵਿਚ ਕੈਨੇਡਾ ਗਈ ਸੀ। ਉਹ ਉੱਥੇ ਪੜ੍ਹਾਈ ਦੇ ਨਾਲ-ਨਾਲ ਚਾਈਲਡ ਕੇਅਰ ਦਾ ਕੰਮ ਕਰ ਰਹੀ ਸੀ ਅਤੇ ਵਰਕ ਪਰਮਿਟ 'ਤੇ ਰਹਿ ਰਹੀ ਸੀ। ਉਸ ਨੇ ਹਾਲ ਹੀ ਵਿਚ ਆਪਣੀ ਮਾਂ ਅਮਰਦੀਪ ਕੌਰ ਨੂੰ ਵੀ ਕੈਨੇਡਾ ਬੁਲਾਉਣ ਲਈ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਅਤੇ ਉਸ ਨੂੰ ਜਲਦੀ ਹੀ ਵੀਜ਼ਾ ਮਿਲਣ ਦੀ ਉਮੀਦ ਸੀ। ਪਰਿਵਾਰ ਅਨੁਸਾਰ, ਅਨਮੋਲਦੀਪ ਨੇ ਕਦੇ ਵੀ ਕਿਸੇ ਮਾਨਸਿਕ ਜਾਂ ਹੋਰ ਪਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ।
ਕੈਨੇਡਾ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਪਾਰਕ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਨਮੋਲਦੀਪ ਦੇ ਪਿਤਾ ਨੇ ਕਿਹਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਅਤੇ ਪੁਲਸ ਜਾਂਚ ਤੋਂ ਬਾਅਦ ਹੀ ਲੱਗੇਗਾ।
ਮ੍ਰਿਤਕਾ ਦਾ ਭਰਾ ਦਿਲਪ੍ਰੀਤ ਸਿੰਘ, ਜੋ ਅਮਰੀਕਾ ਵਿਚ ਰਹਿੰਦਾ ਹੈ, ਭੈਣ ਦੀ ਲਾਸ਼ ਲੈਣ ਲਈ ਕੈਨੇਡਾ ਪਹੁੰਚ ਗਿਆ ਹੈ। ਪਰਿਵਾਰ ਮੂਲ ਰੂਪ ਵਿਚ ਪਿੰਡ ਮਾਣੂਕੇ ਦਾ ਰਹਿਣ ਵਾਲਾ ਹੈ ਅਤੇ ਪਿੰਡ ਦੀ ਇਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਖ਼ਬਰ ਤੋਂ ਬਾਅਦ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
