ਅੰਮ੍ਰਿਤਸਰ ''ਚ ਧਮਾਕੇ ਮਗਰੋਂ ਹੁਣ ਬਾਜ਼ਾਰ ''ਚੋਂ ਮਿਲੀ ਲਾਵਾਰਿਸ ਗੱਡੀ, ਸ਼ੱਕੀ ਸਾਮਾਨ ਬਰਾਮਦ ਹੋਣ ਮਗਰੋਂ ਘਬਰਾਏ ਲੋਕ
Wednesday, May 06, 2026 - 06:20 PM (IST)
ਅੰਮ੍ਰਿਤਸਰ (ਗੁਰਪ੍ਰੀਤ): ਅੱਜ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਛੇਹਰਟਾ ਬਾਜ਼ਾਰ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਲਾਵਾਰਿਸ ਹਾਲਤ ਵਿਚ ਖੜੀ ਗੱਡੀ ਮਿਲੀ। ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਹੋਣ ਅਤੇ ਅੰਦਰ ਡਰਮ ਤੇ ਤਾਰਾਂ ਪਏ ਹੋਣ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿਚ ਡਰ ਦਾ ਮਾਹੌਲ ਬਣ ਗਿਆ। ਲੋਕਾਂ ਨੂੰ ਸ਼ੱਕ ਸੀ ਕਿ ਗੱਡੀ ਵਿਚ ਕੋਈ ਖਤਰਨਾਕ ਸਮੱਗਰੀ ਹੋ ਸਕਦੀ ਹੈ, ਜਿਸ ਕਾਰਨ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਮੌਕੇ ‘ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿਚ ਕਮਾਂਡੋ ਫੋਰਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਇਹ ਗੱਡੀ ਸ਼ੱਕੀ ਹਾਲਤ ਵਿਚ ਮਿਲੀ, ਜਿਸ ਦੇ ਅੰਦਰ ਪਏ ਡਰਮ ਸ਼ਰਾਬ ਵਾਲੇ ਹੋ ਸਕਦੇ ਹਨ, ਪਰ ਤਾਰਾਂ ਦੀ ਮੌਜੂਦਗੀ ਕਾਰਨ ਪੂਰੀ ਜਾਂਚ ਕਰਨਾ ਜ਼ਰੂਰੀ ਹੈ। ਪੁਲਸ ਅਧਿਕਾਰੀ ਦੇ ਅਨੁਸਾਰ, ਗੱਡੀ ਨੂੰ ਛੱਡ ਕੇ ਜਾਣ ਵਾਲਾ ਵਿਅਕਤੀ ਸੰਭਵ ਤੌਰ ‘ਤੇ ਪੁਲਸ ਨੂੰ ਵੇਖ ਕੇ ਭੱਜ ਗਿਆ।
ਇਸ ਦੇ ਬਾਵਜੂਦ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਸ ਨੂੰ ਸੂਚਨਾ ਦੇਣ ਦੇ ਬਾਅਦ ਵੀ ਕਾਫੀ ਸਮੇਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਦੁਕਾਨਦਾਰਾਂ ਨੇ ਕਿਹਾ ਕਿ ਦੁਪਹਿਰ ਕਰੀਬ 2 ਵਜੇ ਤੋਂ ਇਹ ਗੱਡੀ ਉਥੇ ਖੜੀ ਹੈ ਅਤੇ ਕਮਾਂਡੋ ਗਸ਼ਤ ਦੌਰਾਨ ਵੀ ਇਸ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ, ਪਰ ਸ਼ਾਮ ਤੱਕ ਵੀ ਗੱਡੀ ਨੂੰ ਹਟਾਇਆ ਨਹੀਂ ਗਿਆ।
ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਮੀਟ ਦੀ ਦੁਕਾਨ ਦੇ ਸਾਹਮਣੇ ਇਹ ਗੱਡੀ ਖੜੀ ਹੈ ਅਤੇ ਅੰਦਰ ਮੌਜੂਦ ਸਮਾਨ ਦੇਖ ਕੇ ਲੋਕ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਖਾਸਾ ਇਲਾਕੇ ਵਿਚ ਆਰਮੀ ਕੈਂਪ ਦੇ ਬਾਹਰ ਧਮਾਕਾ ਹੋਇਆ ਸੀ, ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਲਾਵਾਰਿਸ ਗੱਡੀ ਮਿਲਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੁਲਸ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਗੱਡੀ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਗੱਡੀ ਦੇ ਮਾਲਕ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ, ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਲੋਕ ਪ੍ਰਸ਼ਾਸਨ ਤੋਂ ਤੁਰੰਤ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਤੋਂ ਬਚਿਆ ਜਾ ਸਕੇ।
