ਲਾਡੋਵਾਲ ਟੋਲ ਪਲਾਜ਼ਾ ''ਤੇ ਗੁੰਡਾਗਰਦੀ: ਬਦਮਾਸ਼ਾਂ ਨੇ ਬੱਸਾਂ ਤੋਂ ਕੀਤੀ ਨਾਜਾਇਜ਼ ਵਸੂਲੀ

Thursday, May 07, 2026 - 02:54 PM (IST)

ਲਾਡੋਵਾਲ ਟੋਲ ਪਲਾਜ਼ਾ ''ਤੇ ਗੁੰਡਾਗਰਦੀ: ਬਦਮਾਸ਼ਾਂ ਨੇ ਬੱਸਾਂ ਤੋਂ ਕੀਤੀ ਨਾਜਾਇਜ਼ ਵਸੂਲੀ

ਲੁਧਿਆਣਾ (ਰਾਜ): ਲਾਡੋਵਾਲ ਟੋਲ ਪਲਾਜ਼ਾ 'ਤੇ ਗੁੰਡਾਗਰਦੀ ਅਤੇ ਨਜਾਇਜ਼ ਵਸੂਲੀ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਟੋਲ ਪਲਾਜ਼ਾ ਦਾ ਸੰਚਾਲਨ ਕਰਨ ਵਾਲੀ ਕੰਪਨੀ 'ਮੈਸਰਜ਼ ਰਣਛੋੜ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿਮਟਿਡ' ਨੇ ਦੋਸ਼ ਲਗਾਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਟੋਲ ਸੰਚਾਲਨ ਵਿਚ ਰੁਕਾਵਟ ਪਾਈ ਅਤੇ ਖੁਦ ਨਜਾਇਜ਼ ਤੌਰ 'ਤੇ ਵਸੂਲੀ ਵੀ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਤੁਰੰਤ FIR ਦਰਜ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹਾਕੀ-ਬੈਟ ਲੈ ਕੇ ਪਹੁੰਚੇ 10-15 ਨੌਜਵਾਨ

ਸ਼ਿਕਾਇਤ ਅਨੁਸਾਰ, ਘਟਨਾ 6 ਮਈ ਦੁਪਹਿਰ ਕਰੀਬ 3:15 ਵਜੇ ਦੀ ਹੈ। ਦੋਸ਼ ਹੈ ਕਿ ਇਕ ਵਿਅਕਤੀ ਆਪਣੇ 10-15 ਸਾਥੀਆਂ ਨਾਲ ਲਾਡੋਵਾਲ ਟੋਲ ਪਲਾਜ਼ਾ 'ਤੇ ਆਇਆ। ਇਹ ਸਾਰੇ ਨੌਜਵਾਨ ਬੇਸਬਾਲ ਬੈਟ, ਹਾਕੀ ਸਟਿਕ ਅਤੇ ਡੰਡਿਆਂ ਨਾਲ ਲੈਸ ਸਨ। ਇਨ੍ਹਾਂ ਲੋਕਾਂ ਨੇ ਟੋਲ ਬੂਥਾਂ 'ਤੇ ਤਾਇਨਾਤ ਸਟਾਫ਼ ਦੇ ਕੋਲ ਆਪਣੇ ਆਦਮੀ ਖੜ੍ਹੇ ਕਰ ਦਿੱਤੇ ਅਤੇ ਬੱਸਾਂ ਤੋਂ ਜ਼ਬਰਦਸਤੀ ਨਜਾਇਜ਼ ਵਸੂਲੀ ਸ਼ੁਰੂ ਕਰ ਦਿੱਤੀ।

ਸਟਾਫ਼ ਨੂੰ ਦਿੱਤੀ ਧਮਕੀ, ਕੰਮ ਕਰਾਇਆ ਬੰਦ

ਜਦੋਂ ਟੋਲ ਕਰਮਚਾਰੀਆਂ ਨੇ ਇਸ ਨਜਾਇਜ਼ ਕਬਜ਼ੇ ਦਾ ਵਿਰੋਧ ਕੀਤਾ, ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਦੋਸ਼ ਹੈ ਕਿ ਰਾਹੋਂ ਰੋਡ ਦਾ ਰਹਿਣ ਵਾਲਾ ਇਕ ਨਾਮੀ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂ ਦੀ ਦੁਰਵਰਤੋਂ ਕਰਕੇ ਸਟਾਫ਼ 'ਤੇ ਦਬਾਅ ਬਣਾ ਰਿਹਾ ਸੀ। ਇਸ ਗੁੰਡਾਗਰਦੀ ਕਾਰਨ ਟੋਲ ਪਲਾਜ਼ਾ 'ਤੇ ਕਾਫੀ ਦੇਰ ਤੱਕ ਕੰਮ ਪ੍ਰਭਾਵਿਤ ਰਿਹਾ ਅਤੇ ਉੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ।

ਸਰਕਾਰੀ ਮਾਲੀਏ ਨੂੰ ਚੂਨਾ, ਸੁਰੱਖਿਆ ਖਤਰੇ ਵਿਚ

NHAI ਨੇ ਪੁਲਸ ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਨਾ ਸਿਰਫ਼ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਸਗੋਂ ਵਿਭਾਗ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ। ਅਥਾਰਟੀ ਨੇ ਮੰਗ ਕੀਤੀ ਹੈ ਕਿ ਟੋਲ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ।
 


author

Anmol Tagra

Content Editor

Related News