ਜੇਲ੍ਹ ''ਚੋਂ ਜ਼ਮਾਨਤ ''ਤੇ ਬਾਹਰ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Saturday, May 02, 2026 - 01:02 PM (IST)

ਜੇਲ੍ਹ ''ਚੋਂ ਜ਼ਮਾਨਤ ''ਤੇ ਬਾਹਰ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਹਲਵਾਰਾ (ਲਾਡੀ) : ਨਜ਼ਦੀਕੀ ਪਿੰਡ ਅਕਾਲਗੜ੍ਹ ਕਲਾਂ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 35 ਸਾਲਾ ਨੌਜਵਾਨ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਹਿਚਾਣ ਅਮਰਜੀਤ ਸਿੰਘ ਉਰਫ਼ ਦੀਪੂ ਅਕਾਲਗੜ੍ਹ ਵਜੋਂ ਹੋਈ ਹੈ, ਜੋ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਥਾਣਾ ਸੁਧਾਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਫਾਹੇ ਤੋਂ ਹੇਠਾਂ ਉਤਾਰਿਆ ਅਤੇ ਪੰਚਨਾਮਾ ਤਿਆਰ ਕਰਕੇ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਘਟਨਾ ਸਥਲ ਜਾਂ ਘਰ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਅਮਰਜੀਤ ਸਿੰਘ ਜੇਲ੍ਹ ਤੋਂ ਆਉਣ ਤੋਂ ਬਾਅਦ ਕਾਫੀ ਮਾਨਸਿਕ ਤਣਾਅ ਵਿਚ ਰਹਿੰਦਾ ਸੀ ਅਤੇ ਅਕਸਰ ਚਿੰਤਤ ਦਿਖਾਈ ਦਿੰਦਾ ਸੀ। ਘਟਨਾ ਵਾਲੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਕੂਲਰ ਲਗਾ ਕੇ ਵਿਹੜੇ ਵਿਚ ਸੌਂ ਰਹੇ ਸਨ। ਰਾਤ ਜਾਂ ਤੜਕਸਾਰ ਸਵੇਰ ਵੇਲੇ ਉਹ ਚੁੱਪਚਾਪ ਘਰ ਅੰਦਰ ਗਿਆ ਅਤੇ ਛੱਤ ਨਾਲ ਫੰਦਾ ਲਾ ਲਿਆ। ਸਵੇਰੇ ਜਦੋਂ ਪਤਨੀ ਘਰ ਅੰਦਰ ਗਈ ਤਾਂ ਉਸ ਨੇ ਅਮਰਜੀਤ ਦੀ ਲਾਸ਼ ਲਟਕਦੀ ਵੇਖੀ। ਇਸ ਤੋਂ ਬਾਅਦ ਤੁਰੰਤ ਪਿੰਡ ਦੀ ਪੰਚਾਇਤ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪਤਨੀ ਨੇ ਆਪਣੇ ਬਿਆਨਾਂ ਵਿਚ ਕਿਸੇ ‘ਤੇ ਵੀ ਸ਼ੱਕ ਜ਼ਾਹਿਰ ਨਹੀਂ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ।

ਥਾਣਾ ਸੁਧਾਰ ਦੇ ਇੰਚਾਰਜ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜੇ ਕੋਈ ਸ਼ੱਕੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਦੀਪੂ ਅਕਾਲਗੜ੍ਹ ਆਪਣੇ ਭਰਾ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਤੋਂ ਬਾਅਦ ਨਸ਼ਾ ਤਸਕਰਾਂ ਖ਼ਿਲਾਫ਼ ਸਰਗਰਮ ਹੋ ਗਿਆ ਸੀ ਅਤੇ ਕਈ ਮਾਮਲਿਆਂ ਵਿਚ ਪੁਲਸ ਦੀ ਮਦਦ ਕਰਦਾ ਰਿਹਾ ਸੀ। ਇਸ ਕਾਰਨ ਉਹ ਅਕਸਰ ਚਰਚਾ ਵਿਚ ਰਹਿੰਦਾ ਸੀ। ਹਾਲਾਂਕਿ, ਇਸ ਦੌਰਾਨ ਉਸ ‘ਤੇ ਜਬਰੀ ਵਸੂਲੀ ਦੀ ਕੋਸ਼ਿਸ਼ ਦਾ ਮਾਮਲਾ ਵੀ ਦਰਜ ਹੋਇਆ ਸੀ। ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਕਾਫੀ ਚੁੱਪ ਰਹਿਣ ਲੱਗ ਪਿਆ ਸੀ ਅਤੇ ਘੱਟ ਬੋਲਦਾ ਸੀ। ਪੁਲਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਜਾਰੀ ਹੈ।


author

Gurminder Singh

Content Editor

Related News