ਰੀ-ਪੁਸ਼ ਸੁਵਿਧਾ ਦਾ ਨਾਜਾਇਜ਼ ਫਾਇਦਾ ਲੈਣ ਵਾਲਾ ਕਰਮਚਾਰੀ ਦੁਬਾਰਾ ਚਰਚਾ ''ਚ

03/08/2018 1:41:14 PM

ਜਲੰਧਰ (ਅਮਿਤ)— ਆਵਾਜਾਈ ਵਿਭਾਗ ਅੰਦਰ ਫੈਲਿਆ ਭ੍ਰਿਸ਼ਟਾਚਾਰ ਕਿਸੇ ਤੋਂ ਲੁਕਿਆ ਨਹੀਂ ਹੈ। ਇਥੇ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਆਪਣੇ ਨਿੱਜੀ ਫਾਇਦੇ ਲਈ ਹਰ ਤਰ੍ਹਾਂ ਦਾ ਗਲਤ ਅਤੇ ਨਾਜਾਇਜ਼ ਕੰਮ ਬਿਨਾਂ ਕਿਸੇ ਡਰ ਦੇ ਕੀਤਾ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਲੜੀ ਵਿਚ ਟਰੈਕ 'ਤੇ ਤਾਇਨਾਤ ਇਕ ਕਰਮਚਾਰੀ ਜਿਸ ਦਾ ਨਾਂ ਕੁਝ ਸਮਾਂ ਪਹਿਲਾਂ ਸਾਰਥੀ ਸਾਫਟਵੇਅਰ ਦੇ ਅੰਦਰ ਲਾਇਸੰਸ ਰੀ-ਪੁਸ਼ ਕਰਨ ਦੀ ਸੁਵਿਧਾ ਦਾ ਨਾਜਾਇਜ਼ ਫਾਇਦਾ ਚੁੱਕਣ ਦੇ ਮਾਮਲੇ ਵਿਚ ਆਇਆ ਸੀ, ਉਹ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕਰਮਚਾਰੀ ਜੋ ਮੌਜੂਦਾ ਸਮੇਂ ਅੰਦਰ ਲਾਇਸੈਂਸ ਦੀ ਬੈਕਲਾਗ ਐਂਟਰੀ ਕਰਨ ਵਰਗੀ ਬੇਹੱਦ ਮਹੱਤਵਪੂਰਨ ਸੀਟ 'ਤੇ ਕੰਮ ਕਰ ਰਿਹਾ ਹੈ। ਉਹ ਸ਼ਰੇਆਮ ਵੱਡੇ ਏਜੰਟਾਂ ਦੇ ਕੰਮ ਕਰ ਰਿਹਾ ਹੈ। ਆਵਾਜਾਈ ਵਿਭਾਗ ਅਤੇ ਸੈਕਟਰੀ ਆਰ. ਟੀ. ਏ. ਵੱਲੋਂ ਏਜੰਟਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾਉਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਪਰ ਉਕਤ ਕਰਮਚਾਰੀ ਨੂੰ ਇਸ ਨਿਰਦੇਸ਼ ਦੀ ਰੱਤੀ ਭਰ ਪ੍ਰਵਾਹ ਨਹੀਂ ਹੈ। ਬੁੱਧਵਾਰ ਨੂੰ ਬਾਅਦ ਦੁਪਹਿਰ ਟਰੈਕ 'ਤੇ ਜਦੋਂ ਕੁਝ ਮੀਡੀਆ ਕਰਮੀ ਉਥੇ ਗਏ ਤਾਂ ਦੇਖਿਆ ਕਿ ਜਦੋਂ ਪਬਲਿਕ ਡੀਲਿੰਗ ਨਾ ਮਾਤਰ ਹੀ ਰਹਿ ਗਈ ਤਾਂ ਉਸ ਸਮੇਂ ਕਰਮਚਾਰੀ ਦੇ ਕੈਬਿਨ ਵਿਚ ਸ਼ਹਿਰ ਦੇ ਇਕ ਵੱਡੇ ਏਜੰਟ ਦਾ ਰਿਸ਼ਤੇਦਾਰ ਆਪਣੇ ਕਿਸੇ ਕੰਮ ਦੇ ਸਿਲਸਿਲੇ ਵਿਚ ਆਇਆ ਪਰ ਉਸ ਨੂੰ ਅੰਦਰ ਆਉਣ ਤਂੋ ਰੋਕਣ ਦੀ ਜਗ੍ਹਾ ਕਰਮਚਾਰੀ ਬੜੇ ਆਰਾਮ ਨਾਲ ਉਸ ਦਾ ਕੰਮ ਕਰਦਾ ਰਿਹਾ। ਵੱਡੇ ਏਜੰਟ ਦੇ ਰਿਸ਼ਤੇਦਾਰ ਨੇ ਪਹਿਲਾਂ ਟੇਬਲ 'ਤੇ ਪਈਆਂ ਸਰਕਾਰੀ ਫਾਇਲਾਂ ਦੇ ਨਾਲ ਛੇੜਛਾੜ ਕੀਤੀ ਅਤੇ ਉਸ ਦੇ ਬਾਅਦ ਕਰਮਚਾਰੀ ਦੇ ਕੰਨ ਵਿਚ ਕੁਝ ਕਿਹਾ। ਜਿਵੇਂ ਹੀ ਦੋਵਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਫੋਟੋ ਖਿੱਚੀ ਜਾ ਰਹੀ ਹੈ, ਦੋਵੇਂ ਸਾਵਧਾਨ ਹੋ ਗਏ ਅਤੇ ਕੈਮਰੇ ਵਿਚ ਫੋਟੋ ਡਿਲੀਟ ਕਰਨ ਦੀ ਗੱਲ ਕਰਨ ਲੱਗੇ। ਉਕਤ ਮੀਡੀਆ ਕਰਮੀ ਨੇ ਸ਼ਾਮ ਨੂੰ ਸਾਰੀਆਂ ਫੋਟੋਆਂ ਸ਼ੋਸਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ। ਜਿਸ ਦੇ ਬਾਅਦ ਪੂਰੇ ਆਰ. ਟੀ. ਏ. ਦਫਤਰ ਵਿਚ ਇਸ ਮਾਮਲੇ ਨੂੰ ਲੈ ਕੇ ਚਰਚਾ ਦਾ ਖੂਬ ਦੌਰ ਚੱਲਦਾ ਰਿਹਾ।

PunjabKesari
ਕਲਰਕ ਦੇ ਸਾਰੇ ਕੰਮ ਕਰ ਰਿਹਾ ਕਰਮਚਾਰੀ
ਜਰਮਨ ਕੋਲ ਮੌਜੂਦਾ ਸਮੇਂ ਦੇ ਅੰਦਰ ਪੁਰਾਣੇ ਲਾਇਸੈਂਸ ਦਾ ਰਿਕਾਰਡ ਚੈੱਕ ਕਰਨਾ, ਐਪਲੀਕੇਸ਼ਨ ਵਿਚ ਦਿੱਤੇ ਗਏ ਰਿਕਾਰਡ ਨੂੰ ਪੁਰਾਣੇ ਰਿਕਾਰਡ ਨਾਲ ਮਿਲਾਉਣਾ, ਲਾਇਸੈਂਸ ਦੀ ਵੈਰੀਫਿਕੇਸ਼ਨ ਅਪਰੂਵਲ ਦਾ ਕੰਮ (ਜਿਸ ਵਿਚ ਕਿਸੇ ਵੀ ਲਾਇਸੈਂਸ ਨੂੰ ਸਹੀ ਠਹਿਰਾÀੁਂਦੇ ਹੋਏ ਉਸਦੇ ਉਪਰ ਮੋਹਰ ਲਗਾਉਣਾ ਅਤੇ ਹਸਤਾਖਰ ਕਰਨਾ) ਅਤੇ ਕੰਪਿਊਟਰ ਸਿਸਟਮ ਵਿਚ ਆਨਲਾਈਨ ਰਿਕਾਰਡ ਦੀ ਐਂਟਰੀ ਕਰਨਾ ਆਦਿ ਸਾਰੇ ਕੰਮ ਹਨ। ਜਦੋਂਕਿ ਇਹ ਸਾਰੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰੀ ਕਲਰਕ ਜਤਿੰਦਰ ਦੀ ਬਣਦੀ ਹੈ।
ਮਿੰਨੀ ਡੀ. ਟੀ. ਓ. ਦਫਤਰ ਦੇ ਨਾਂ ਤੋਂ ਮਸ਼ਹੂਰ ਏਜੰਟ ਬਣਿਆ ਰਹਿੰਦੈ ਸੁਰਖੀਆਂ 'ਚ
ਮਿੰਨੀ ਡੀ. ਟੀ. ਓ. ਦਫਤਰ ਦੇ ਨਾਂ ਤੋਂ ਮਸ਼ਹੂਰ ਏਜੰਟ ਕਈ ਵਾਰ ਸੁਰਖੀਆਂ ਵਿਚ ਬਣਿਆ ਰਹਿੰਦਾ ਹੈ। ਕੁੱਝ ਸਾਲ ਪਹਿਲਾਂ ਉਕਤ ਏਜੰਟ ਉਪਰ ਇਕ ਸੇਵਾਦਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਵੀ ਲੱਗੇ ਸਨ ਅਤੇ ਉਸ ਸਮੇਂ ਮਾਮਲਾ ਥਾਣਾ ਬਾਰਾਂਦਰੀ ਤੱਕ ਪਹੁੰਚ ਗਿਆ ਸੀ। ਆਰ. ਟੀ. ਏ. ਦਫਤਰ ਅੰਦਰ ਆਏ ਕਈ ਵੱਡੇ ਘਪਲਿਆਂ ਵਿਚ ਵੀ ਇਸਦਾ ਨਾਮ ਚਰਚਾ ਵਿਚ ਰਿਹਾ ਹੈ, ਜਿਸ ਵਿਚ ਜਾਅਲੀ ਮੋਹਰਾਂ ਲਗਾਉਣਾ, ਜਾਅਲੀ ਐੱਨ. ਓ. ਸੀ. ਅਤੇ ਐੱਫ. ਆਰ. ਆਈ. ਦੀ ਵਰਤੋਂ ਕਰਨਾ ਅਤੇ ਅਧਿਕਾਰੀਆਂ ਦੇ ਜਾਅਲੀ ਹਸਤਾਖਰ ਕਰਕੇ ਐਪਲੀਕੇਸ਼ਨ ਜਮ੍ਹਾ ਕਰਵਾਉਣਾ ਆਦਿ ਸ਼ਾਮਲ ਹਨ।
ਦਰਵਾਜ਼ਾ ਖੁੱਲ੍ਹਾ ਸੀ, ਏਜੰਟ ਖੁਦ ਅੰਦਰ ਆ ਗਿਆ, ਉਸ ਨੇ ਕੋਈ ਕੰਮ ਨਹੀਂ ਕਰਵਾਇਆ : ਜਰਮਨ
ਬੈਕਲਾਗ ਐਂਟਰੀ 'ਤੇ ਬੈਠਣ ਵਾਲੇ ਕਰਮਚਾਰੀ ਜਰਮਨ ਦਾ ਕਹਿਣਾ ਹੈ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਏਜੰਟ ਖੁਦ ਹੀ ਅੰਦਰ ਆ ਗਿਆ ਪਰ ਉਸ ਨੇ ਕੋਈ ਕੰਮ ਨਹੀਂ ਕਰਵਾਇਆ। ਏਜੰਟਾਂ ਦੇ ਦਾਖਲੇ 'ਤੇ ਰੋਕ ਲਗਾਉਣ ਸੰਬੰਧੀ ਨਿਰਦੇਸ਼ ਦੀ ਪਾਲਣਾ ਨਾ ਕਰਨ ਦੇ ਸਵਾਲ 'ਤੇ ਉਸ ਨੇ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ।
ਏਜੰਟਾਂ ਦੇ ਦਾਖਲ ਹੋਣ 'ਤੇ ਪੂਰੀ ਤਰ੍ਹਾਂ ਪਾਬੰਦੀ, ਉਲੰਘਣਾ ਨਹੀਂ ਹੋਵੇਗੀ ਬਰਦਾਸ਼ਤ : ਸੈਕਟਰੀ ਆਰ. ਟੀ. ਏ.
ਸੈਕਟਰੀ ਆਰ. ਟੀ. ਏ. ਦਰਬਾਰਾ ਸਿੰਘ ਨੇ ਕਿਹਾ ਕਿ ਏਜੰਟਾਂ ਦੇ ਦਾਖਲ ਹੋਣ 'ਤੇ ਪੂਰਨ ਰੋਕ ਲਾਗੂ ਹੈ ਅਤੇ ਇਸ ਦੀ ਉਲੰਘਣਾ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਹੋਵੇਗੀ। ਜੇਕਰ ਕੋਈ ਕਰਮਚਾਰੀ ਇਸ ਨਿਰਦੇਸ਼ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਥੋਂ ਤੱਕ ਬੈਕਲਾਗ ਐਂਟਰੀ ਦਾ ਗਲਤ ਕੰਮ ਕਰਨ ਦਾ ਸਵਾਲ ਹੈ ਤਾਂ ਫਿਲਹਾਲ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।


Related News