ਜੰਮੂ ਬੱਸ ਹਾਦਸਾ : ਟਰਾਂਸਪੋਰਟ ਵਿਭਾਗ ਦੇ 6 ਕਰਮਚਾਰੀ ਮੁਅੱਤਲ

05/31/2024 4:43:54 PM

ਜੰਮੂ (ਭਾਸ਼ਾ)- ਜੰਮੂ ਜ਼ਿਲ੍ਹੇ 'ਚ ਹੋਏ ਬੱਸ ਹਾਦਸੇ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ 'ਚ ਟਰਾਂਸਪੋਰਟ ਵਿਭਾਗ ਦੇ 6 ਕਰਮਚਾਰੀਆਂ ਨੂੰ ਕਰਤੱਵ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ। ਜੰਮੂ ਜ਼ਿਲ੍ਹੇ 'ਚ ਵਾਪਰੇ ਬੱਸ ਹਾਦਸੇ 'ਚ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ 64 ਹੋਰ ਜ਼ਖ਼ਮੀ ਹੋ ਗਏ ਸਨ। ਇਹ ਹਾਦਸਾ ਵੀਰਵਾਰ ਨੂੰ ਉਦੋਂ ਵਾਪਰਿਆ, ਜਦੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ਸੜਕ ਤੋਂ ਫਿਸਲ ਕੇ 150 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ ਸੀ। ਬੱਸ ਹਰਿਆਣਾ ਦੇ ਕੁਰੂਕੁਸ਼ੇਤਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਜੰਮੂ ਕਸ਼ਮੀਰ 'ਚ ਰਿਆਸੀ ਜ਼ਿਲ੍ਹੇ ਦੇ ਪੌਨੀ ਇਲਾਕੇ 'ਚ ਸ਼ਿਵਖੋੜੀ ਜਾ ਰਹੀ ਸੀ। ਚੌਕੀ ਚੋਰਾ ਖੇਤਰ 'ਚ ਟੁੰਗੀ ਮੋੜ ਖੇਤਰ 'ਚ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ ਅਤੇ ਇਹ ਹਾਦਸਾ ਹੋਇਆ। ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ ਚੰਦਰਾਕਰ ਭਾਰਤੀ ਦੀ ਪ੍ਰਧਾਨਗੀ 'ਚ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਸਕੱਤਰ ਨੀਰਜ ਕੁਮਾਰ ਨੇ ਮੁਅੱਤਲ ਅਤੇ ਜਾਂਚ ਦੇ ਆਦੇਸ਼ ਦਿੱਤੇ। ਕੁਮਾਰ ਨੇ ਇਕ ਆਦੇਸ਼ 'ਚ ਕਿਹਾ,''ਕਰਤੱਵ 'ਚ ਲਾਪਰਵਾਹੀ ਦੀ ਜਾਂਚ ਪੈਂਡਿੰਗ ਰਹਿਣ ਤੱਕ, ਕਠੁਆ (ਲਖਨਪੁਰ) 'ਚ ਖੇਤਰੀ ਟਰਾਂਸਪੋਰਟ ਦਫ਼ਤਰ 'ਚ ਤਾਇਨਾਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਟਰਾਂਸਪੋਰਟ ਕਮਿਸ਼ਨਰ, ਜੰਮੂ ਦੇ ਦਫ਼ਤਰ 'ਚ ਅਟੈਚ ਕਰ ਦਿੱਤਾ ਗਿਆ ਹੈ।''

ਇਹ ਵੀ ਪੜ੍ਹੋ : ਵੱਡਾ ਹਾਦਸਾ; ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ 'ਚ ਡਿੱਗੀ, 20 ਦੀ ਮੌਤ

ਆਦੇਸ਼ ਅਨੁਸਾਰ ਮੁਅੱਤਲ ਅਧਿਕਾਰੀਆਂ 'ਚ ਰਣਜੀਤ ਭਸੀਨ (ਮੋਟਰ ਵ੍ਹੀਕਲ ਇੰਸਪੈਕਟਰ), ਸੁਮਿਤ ਮਗੋਤਰਾ (ਜੂਨੀਅਰ ਸਹਾਇਕ) ਅਤੇ ਮਲਟੀਪਰਪਜ਼ ਕਰਮਚਾਰੀ (ਐੱਮ.ਟੀ.ਐੱਸ.) ਅਸ਼ਵਨੀ ਕੁਮਾਰ, ਅਮਨ ਕੁਮਾਰ, ਕੇਸ਼ਵ ਸਿੰਘ ਅਤੇ ਰਾਕੇਸ਼ ਕੁਮਾਰ ਸ਼ਾਮਲ ਹਨ। ਕੁਮਾਰ ਨੇ ਕਿਹਾ ਕਿ ਮੁਅੱਤਲ ਕਰਮਚਾਰੀਆਂ ਦੇ ਵਿਹਾਰ ਅਤੇ ਕੰਮਕਾਜ ਦੀ ਜਾਂਚ ਵਧੀਕ ਸਕੱਤਰ (ਤਕਨੀਕੀ) ਪਰਮਵੀਰ ਸਿੰਘ ਕਰਨਗੇ, ਜੋ ਇਕ ਹਫ਼ਤੇ ਅੰਦਰ ਸਿਫ਼ਾਰਿਸ਼ਾਂ ਨਾਲ ਇਕ ਰਿਪੋਰਟ ਪੇਸ਼ ਕਰਨਗੇ। ਜਾਂਚ ਦੇ ਨਤੀਜੇ ਆਉਣ ਤੱਕ ਅਧਿਕਾਰੀਆਂ ਨੂੰ ਜੰਮੂ 'ਚ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨਾਲ ਅਟੈਚ ਕਰ ਦਿੱਤਾ ਗਿਆ ਹੈ। ਜੰਮੂ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਪਹਿਲੇ ਹੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 7 ਦਿਨਾਂ ਅੰਦਰ ਰਿਪੋਰਟ ਮਿਲਣ ਦੀ ਉਮੀਦ ਹੈ। ਜ਼ਿਲ੍ਹਾ ਪ੍ਰਸ਼ਾਸਨ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦੇ ਇਲਾਜ 'ਤੇ ਸਖ਼ਤ ਨਿਗਰਾਨੀ ਰੱਖ ਰਿਹਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਯਾਤਰੀਆਂ ਦੇ ਗ੍ਰਹਿ ਖੇਤਰਾਂ ਹਾਥਰਸ ਅਤੇ ਅਲੀਗੜ੍ਹ, ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਦੇ ਨਾਲ ਹੀ ਸੰਪਰਕ ਬਣਾਏ ਹੋਏ ਹਨ। ਜੰਮੂ ਦੇ ਡਿਪਟੀ ਕਮਿਸ਼ਨਰ ਸਚਿਨ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਹਸਪਤਾਲ 'ਚ ਹੋ ਰਿਹਾ ਹੈ। ਜੰਮੂ ਪ੍ਰਸ਼ਾਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਅਤੇ ਮਦਦ ਪ੍ਰਦਾਨ ਕਰਨ ਲਈ ਇਕ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News