IPL ਦੇ ਉਹ ਰੋਮਾਂਚਕ ਪਲ ਜਿਨ੍ਹਾਂ ਨੇ ਬਟੋਰੀ ਸਭ ਤੋਂ ਵੱਧ ਚਰਚਾ

Tuesday, May 28, 2024 - 07:18 PM (IST)

IPL ਦੇ ਉਹ ਰੋਮਾਂਚਕ ਪਲ ਜਿਨ੍ਹਾਂ ਨੇ ਬਟੋਰੀ ਸਭ ਤੋਂ ਵੱਧ ਚਰਚਾ

ਸਪੋਰਟਸ ਡੈਸਕ- ਆਈ. ਪੀ. ਐੱਲ.-2024 ਨੇ ਵੀ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਪੂਰੇ ਸੈਸ਼ਨ ਵਿਚ ਸਟਾਰ ਕ੍ਰਿਕਟਰ ਚਰਚਾ ਵਿਚ ਰਹੇ। ਸੱਟ ਤੋਂ ਬਾਅਦ ਪੰਤ ਦੀ ਵਾਪਸੀ, ਸੱਟ ਨਾਲ ਖੇਡ ਰਿਹਾ ਧੋਨੀ, ਰਿਕਾਰਡ ’ਤੇ ਰਿਕਾਰਡ ਬਣਾਉਂਦਾ ਕੋਹਲੀ, ਮੈਦਾਨ ’ਤੇ ਟ੍ਰੋਲ ਹੋਇਆ ਹਾਰਦਿਕ ਤੇ ਅੰਪਾਇਰਾਂ ਨਾਲ ਨਿਯਮਾਂ ਨੂੰ ਲੈ ਕੇ ਬਹਿਸ ਕਰਦੇ ਕਪਤਾਨ। ਉਹ ਹਰ ਰੰਗ ਜਿਹੜਾ ਇਸ ਆਈ. ਪੀ. ਐੱਲ. ਨੂੰ ਰੋਮਾਂਚਕ ਬਣਾ ਸਕਦਾ ਹੈ, ਇਸ ਵਾਰ ਵੀ ਦੇਖਣ ਨੂੰ ਮਿਲਿਆ। ਆਓ ਜਾਣਦੇ ਹਾਂ ਸੈਸ਼ਨ ’ਚ ਰੋਮਾਂਚ ਦੇ ਕੁਝ ਸ਼ਾਨਦਾਰ ਪਲਾਂ ਬਾਰੇ...
ਹਾਰਦਿਕ ਵਾਨਖੇੜੇ ’ਚ ਹੋਇਆ ਟ੍ਰੋਲ, ਲੱਗੇ ਨਾਅਰੇ
ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਹਾਰਦਿਕ ਪੰਡਯਾ ਦੀ ਘਰੇਲੂ ਮੈਦਾਨ ਵਾਨਖੇਡੇ ਮੈਦਾਨ ’ਤੇ ਪਹੁੰਚਦੇ ਹੀ ਕਾਫੀ ਟ੍ਰੋਲਿੰਗ ਹੋਈ। ਅਜਿਹਾ ਲੱਗਾ ਕਿ ਕ੍ਰਿਕਟ ਪ੍ਰਸ਼ੰਸਕ ਰੋਹਿਤ ਸ਼ਰਮਾ ਤੋਂ ਕਪਤਾਨੀ ਖੋਹ ਕੇ ਹਾਰਦਿਕ ਨੂੰ ਦੇਣ ਤੋਂ ਨਿਰਾਸ਼ ਸਨ। ਪਹਿਲੇ ਹੀ ਮੁਕਾਬਲੇ ਵਿਚ ਜਦੋਂ ਹਾਰਦਿਕ ਟਾਸ ਲਈ ਉਤਰਿਆ ਤਾਂ ਉਸਦੀ ਹੂਟਿੰਗ ਸ਼ੁਰੂ ਹੋ ਗਈ। ਇਸ ’ਤੇ ਐਂਕਰ ਸੰਜੇ ਮਾਂਜਰੇਕਰ ਨੇ ਦਰਸ਼ਕਾਂ ਨੂੰ ਚੰਗਾ ਵਰਤਾਓ ਕਰਨ ਦੀ ਅਪੀਲ ਵੀ ਕੀਤੀ। ਹਾਲਾਂਕਿ ਹਾਰਦਿਕ ਨਿਰਾਸ਼ ਨਹੀਂ ਦਿਸਿਆ। ਉਹ ਪੂਰਾ ਸਮਾਂ ਮੈਦਾਨ ’ਤੇ ਰਿਹਾ। ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਚਿਹਰੇ ’ਤੇ ਮੁਸਕਰਾਹਟ ਬਰਕਰਾਰ ਰੱਖੀ। ਇਸ ਦੌਰਾਨ ਕਈ ਪ੍ਰਸ਼ੰਸਕ ਰੋਹਿਤ-ਰੋਹਿਤ ਦੇ ਨਾਅਰੇ ਵੀ ਲਾਉਂਦੇ ਦਿਸੇ।
ਧੋਨੀ ਹਰ ਸਮੇਂ ਰਿਹਾ ਚਰਚਾ ’ਚ
ਕੋਹਲੀ-ਧੋਨੀ ਮਿਲੇ ਗਲੇ : ਆਈ. ਪੀ. ਐੱਲ. ਦੇ ਪਹਿਲੇ ਮੁਕਾਬਲੇ ਵਿਚ ਆਰ. ਸੀ. ਬੀ. ਦੇ ਵਿਰਾਟ ਕੋਹਲੀ ਨੇ ਪਹਿਲੀ ਗੇਂਦ ਖੇਡਣ ਤੋਂ ਪਹਿਲਾਂ ਆਪਣੇ ਸਾਬਕਾ ਕਪਤਾਨ ਤੇ ਚੇਨਈ ਸੁਪਰ ਕਿੰਗਜ਼ ਦੇ ਧੋਨੀ ਨੂੰ ਗਲੇ ਲਾਇਆ।
2.27 ਮੀਟਰ ਦੀ ਛਲਾਂਗ ਲਾਈ : ਗੁਜਰਾਤ ਵਿਰੁੱਧ ਧੋਨੀ ਨੇ ਵਿਜੇ ਸ਼ੰਕਰ ਨੂੰ ਆਊਟ ਕਰਨ ਲਈ 2.27 ਮੀਟਰ ਦੀ ਇਕ ਸ਼ਾਨਦਾਰ ਛਲਾਂਗ ਲਗਾਈ।
3 ਗੇਂਦਾਂ ’ਤੇ 3 ਛੱਕੇ ਲਾਏ : ਧੋਨੀ ਨੇ ਮੁੰਬਈ ਵਿਰੁੱਧ ਆਖਰੀ 4 ਗੇਂਦਾਂ ਵਿਚ 3 ਛੱਕੇ ਲਾਏ। ਤਦ ਮੁੰਬਈ ਲਈ ਕਪਤਾਨ ਹਾਰਦਿਕ ਗੇਂਦਬਾਜ਼ੀ ਕਰ ਰਿਹਾ ਸੀ।
ਧੋਨੀ ਨੂੰ ਮਿਲਿਆ ਮੈਡਲ : ਚੇਨਈ ਨੇ ਜਦੋਂ ਚੇਪਾਕ ਦੇ ਮੈਦਾਨ ’ਤੇ ਆਖਰੀ ਲੀਗ ਮੈਚ ਖੇਡਿਆ ਤਾਂ ਮੈਨੇਜਮੈਂਟ ਨੇ ਧੋਨੀ ਸਮੇਤ ਪੂਰੀ ਟੀਮ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
ਮਯੰਕ ਯਾਦਵ ਨੇ ਸੁੱਟੀ ਸਭ ਤੋਂ ਤੇਜ਼ ਗੇਂਦ
ਲਖਨਊ ਸੁਪਰ ਜਾਇੰਟਸ ਨੂੰ ਨਵਾਂ ਸਪੀਡਸਟਰ ਮਿਲਿਆ। ਮਯੰਕ ਯਾਦਵ ਨੇ ਪੰਜਾਬ ਕਿੰਗਜ਼ ਵਿਰੁੱਧ ਡੈਬਿਊ ਕੀਤਾ ਤੇ ਪਹਿਲੇ ਹੀ ਮੁਕਾਬਲੇ ਵਿਚ 155.8 ਕਿ. ਮੀ./ਘੰਟੇ ਦੀ ਸਪੀਡ ਨਾਲ ਗੇਂਦ ਕਰਵਾਈ। ਉਹ ਲਗਾਤਾਰ 2 ਮੈਚਾਂ ਵਿਚ 3-3 ਵਿਕਟਾਂ ਲੈ ਕੇ ‘ਪਲੇਅਰ ਆਫ ਦਿ ਮੈਚ’ ਬਣਿਆ। ਉਹ ਡੈਬਿਊ ਵਿਚ ‘ਪਲੇਅਰ ਆਫ ਦਿ ਮੈਚ’ ਬਣਨ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਵੀ ਬਣਿਆ। ਉਸ ਨੇ ਟੂਰਨਾਮੈਂਟ ਦੌਰਾਨ ਆਪਣੀ ਤੇਜ਼ ਗਤੀ ਜਾਰੀ ਰੱਖੀ। ਦਿੱਲੀ ਦੇ ਮਯੰਕ ਦੀਆਂ ਸੈਸ਼ਨ ਦੌਰਾਨ 9 ਗੇਂਦਾਂ ਤਾਂ 150 ਕਿ. ਮੀ. /ਘੰਟੇ ਦੀ ਰਫਤਾਰ ਤੋਂ ਵੀ ਉੱਪਰ ਰਹੀਆਂ। ਉਹ ਵਿਚਾਲੇ ਵਿਚ ਜ਼ਖ਼ਮੀ ਵੀ ਹੋ ਗਿਆ, ਜਿਸ ਕਾਰਨ ਸੈਸ਼ਨ ਦੇ ਕੁਝ ਹੀ ਮੈਚ ਖੇਡ ਸਕਿਆ ਪਰ ਉਸਦੇ ਐਕਸਪਰਟ ਕਾਫੀ ਸੰਭਾਵਨਾਵਾਂ ਦੇਖ ਰਹੇ ਹਨ।
ਕੋਹਲੀ-ਇਸ਼ਾਂਤ ਵਿਚਾਲੇ ਹੋਈ ਮਜ਼ਾਕੀਆ ਬਹਿਸ
ਆਰ. ਸੀ. ਬੀ. ਦੇ ਵਿਰਾਟ ਕੋਹਲੀ ਤੇ ਦਿੱਲੀ ਦੇ ਇਸ਼ਾਂਤ ਸ਼ਰਮਾ ਵਿਚਾਲੇ ਮੈਚ ਦੌਰਾਨ ਮਜ਼ਾਕੀਆ ਬਹਿਸ ਦੇਖਣ ਨੂੰ ਮਿਲੀ। ਕੋਹਲੀ ਨੇ ਇਸ਼ਾਂਤ ਵਿਰੁੱਧ 6 ਗੇਂਦਾਂ ’ਚ 19 ਦੌੜਾਂ ਬਣਾਈਆਂ। ਇਸ ਵਿਚ 2 ਛੱਕੇ ਤੇ 1 ਚੌਕਾ ਸ਼ਾਮਲ ਰਿਹਾ। ਬਾਊਂਡਰੀ ਲਗਾਉਣ ਤੋਂ ਬਾਅਦ ਵਿਰਾਟ ਇਸ਼ਾਂਤ ਨੂੰ ਚਿੜ੍ਹਾਉਣ ਲੱਗਾ ਪਰ ਇਸ਼ਾਂਤ ਨੇ ਵਾਪਸੀ ਕਰਦੇ ਹੋਏ ਵਿਰਾਟ ਨੂੰ ਚੌਥੇ ਓਵਰ ਵਿਚ ਆਊਟ ਕਰ ਦਿੱਤਾ। ਇਸ ਤੋਂ ਬਾਅਦ ਇਸ਼ਾਂਤ ਨੇ ਵਿਰਾਟ ਨੂੰ ਖੂਬ ਚਿੜ੍ਹਾਇਆ। ਇਹ ਹੀ ਨਹੀਂ, ਜਦੋਂ ਇਸ਼ਾਂਤ ਬੱਲੇਬਾਜ਼ੀ ਕਰਨ ਲਈ ਮੈਦਾਨ ’ਤੇ ਆਇਆ ਤਾਂ ਕੋਹਲੀ ਹਰੇਕ ਗੇਂਦ ਤੋਂ ਬਾਅਦ ਉਸਦੇ ਕੋਲ ਜਾਂਦਾ ਤੇ ਗੱਲ ਕਰਕੇ ਉਸ ਨੂੰ ਪ੍ਰੇਸ਼ਾਨ ਕਰਨ ਲੱਗਾ। ਪ੍ਰਸ਼ੰਸਕਾਂ ਨੂੰ ਪੁਰਾਣੇ ਦੋਸਤਾਂ ਦੀ ਇਹ ਬਹਿਸ ਬਹੁਤ ਪਸੰਦ ਆਈ।
ਅਭਿਸ਼ੇਕ ਸ਼ਰਮਾ ਨਵਾਂ ਸਿਕਸਰ ਕਿੰਗ
ਹੈਦਰਾਬਾਦ ਨੂੰ ਫਾਈਨਲ ਤਕ ਦਾ ਸਫਰ ਤੈਅ ਕਰਵਾਉਣ ਵਿਚ ਅਭਿਸ਼ੇਕ ਸ਼ਰਮਾ ਦਾ ਵੱਡਾ ਯੋਗਦਾਨ ਰਿਹਾ। ਅਭਿਸ਼ੇਕ ਨੇ ਪਾਵਰਪਲੇਅ ਵਿਚ ਟ੍ਰੈਵਿਸ ਹੈੱਡ ਦੇ ਨਾਲ ਮਿਲ ਕੇ ਤਾਬੜਤੋੜ ਪ੍ਰਦਰਸ਼ਨ ਕੀਤਾ। ਹੈਦਰਾਬਾਦ ਨੇ ਸੈਸ਼ਨ ਵਿਚ ਤਿੰਨ ਵਾਰ ਇਕ ਪਾਰੀ ਵਿਚ 250 ਤੋਂ ਵੱਧ ਦੀਆਂ ਦੌੜਾਂ ਬਣਾਈਆਂ, ਜਿਸ ਵਿਚ ਅਭਿਸ਼ੇਕ ਸ਼ਰਮਾ ਦੀ ਭੂਮਿਕਾ ਅਹਿਮ ਰਹੀ। ਉਸ ਨੇ ਪੂਰੇ ਸੈਸ਼ਨ ਵਿਚ 41 ਛੱਕੇ ਲਾਏ ਜਿਹੜੇ ਕਿ ਭਾਰਤੀ ਬੱਲੇਬਾਜ਼ ਵੱਲੋਂ ਆਈ. ਪੀ. ਐੱਲ. ਸੈਸ਼ਨ ਵਿਚ ਲਾਏ ਸਭ ਤੋਂ ਵੱਧ ਛੱਕੇ ਹਨ। ਪਹਿਲਾਂ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਸੀ, ਜਿਸ ਨੇ 2016 ਸੈਸ਼ਨ ਵਿਚ 38 ਛੱਕੇ ਲਾਏ ਸਨ। ਕੋਹਲੀ ਨੇ ਇਸ ਸੈਸ਼ਨ ਵਿਚ ਵੀ 38 ਛੱਕੇ ਲਾ ਕੇ ਆਪਣੇ ਇਸ ਰਿਕਾਰਡ ਦੀ ਬਰਾਬਰੀ ਕੀਤੀ।
ਸ਼ਾਹਰੁਖ ਨੇ ਗੰਭੀਰ ਦਾ ਮੱਥਾ ਚੁੰਮਿਆ
ਕੋਲਕਾਤਾ ਨਾਈਟ ਰਾਈਡਰਜ਼ ਨੇ ਜਦੋਂ ਤੀਜਾ ਖਿਤਾਬ ਜਿੱਤਿਆ ਤਾਂ ਟੀਮ ਦਾ ਸਹਿ-ਮਾਲਕ ਸ਼ਾਹਰੁਖ ਖਾਨ ਭਾਵੁਕ ਨਜ਼ਰ ਆਇਆ। ਉਸ ਨੇ ਜਿੱਤ ਤੋਂ ਬਾਅਦ ਟੀਮ ਮੈਂਟੋਰ ਗੌਤਮ ਗੰਭੀਰ ਦਾ ਮੱਥਾ ਚੁੰਮ ਲਿਆ। ਕੋਲਕਾਤਾ ਇਸ ਤੋਂ ਪਹਿਲਾਂ 2012 ਤੇ 2014 ਵਿਚ ਵੀ ਆਈ. ਪੀ. ਐੱਲ. ਖਿਤਾਬ ਜਿੱਤ ਚੁੱਕੀ ਹੈ।
ਪੰਤ ਨੂੰ ਮਿਲੀ ਸਪੈਸ਼ਲ ਜਰਸੀ
ਰਿਸ਼ਭ ਪੰਤ ਦਿੱਲੀ ਦੇ 100 ਮੈਚ ਖੇਡਣ ਵਾਲਾ ਪਹਿਲਾ ਖਿਡਾਰੀ ਬਣਿਆ। ਜੈਪੁਰ ਵਿਚ ਰਾਜਸਥਾਨ ਵਿਰੁੱਧ ਮੈਚ ਦੌਰਾਨ ਉਸ ਨੇ ਜਿਵੇਂ ਹੀ ਇਹ ਉਪਲਬੱਧੀ ਹਾਸਲ ਕੀਤੀ, ਟੀਮ ਮੈਨੇਜਮੈਂਟ ਵੱਲੋਂ ਉਸ ਨੂੰ 100 ਨੰਬਰ ਦੀ ਜਰਸੀ ਦੇ ਕੇ ਸਨਮਾਨਿਤ ਕੀਤਾ ਗਿਆ। ਪੰਤ ਨੇ 2016 ਵਿਚ ਡੈਬਿਊ ਕੀਤਾ ਸੀ।
ਮੈਦਾਨ ’ਤੇ ਪਤੰਗ ਡਿੱਗਿਆ
ਮੁੰਬਈ ਤੇ ਦਿੱਲੀ ਵਿਚਾਲੇ ਅਰੁਣ ਜੇਤਲੀ ਸਟੇਡੀਅਮ ਵਿਚ ਮੈਚ ਦੌਰਾਨ ਪੰਤਗ ਮੈਦਾਨ ’ਤੇ ਡਿੱਗ ਗਿਆ। ਤਦ ਮੁੰਬਈ ਵੱਲੋਂ ਰੋਹਿਤ ਸ਼ਰਮਾ ਬੱਲੇਬਾਜ਼ੀ ਕਰ ਰਿਹਾ ਸੀ। ਉਸ ਨੇ ਪਤੰਗ ਫੜਿਆ ਤੇ ਪੰਤ ਨੂੰ ਫੜਾ ਦਿੱਤਾ। ਪੰਤ ਵੀ ਸੁਰੱਖਿਆ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਉਸ ਨੂੰ ਹਵਾ ਵਿਚ ਉਡਾਉਂਦਾ ਦਿਸਿਆ।
ਕੋਹਲੀ ਦੀਆਂ 8 ਹਜ਼ਾਰ ਦੌੜਾਂ
ਆਈ. ਪੀ. ਐੱਲ. ਇਤਿਹਾਸ ਵਿਚ ਵਿਰਾਟ ਕੋਹਲੀ 8000 ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ। ਉਸ ਨੇ ਸੈਸ਼ਨ ਵਿਚ 741 ਦੌੜਾਂ ਬਣਾ ਕੇ ਔਰੇਂਜ ਕੈਪ ’ਤੇ ਕਬਜ਼ਾ ਕੀਤਾ। ਉਹ ਬਤੌਰ ਬੱਲੇਬਾਜ਼ 2 ਸੈਸ਼ਨਾਂ ਵਿਚ ਔਰੇਂਜ ਕੈਪ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਹੈ। ਇਸ ਸੈਸ਼ਨ ਵਿਚ ਹਰਸ਼ਲ ਪਟੇਲ ਨੇ ਪਰਲਪ ਕੈਪ ਜਿੱਤੀ।


author

Aarti dhillon

Content Editor

Related News