ਰੂਪਨਗਰ 'ਚ 17 ਮਰੀਜ਼ 'ਕੋਰੋਨਾ' 'ਤੇ ਫਤਿਹ ਹਾਸਲ ਕਰਕੇ ਘਰਾਂ ਨੂੰ ਪਰਤੇ
Saturday, May 16, 2020 - 05:27 PM (IST)
ਰੂਪਨਗਰ (ਵਿਜੇ ਸ਼ਰਮਾ,ਸੱਜਣ ਸੈਣੀ)— ਕੋਰੋਨਾ ਦੇ ਕਹਿਰ ਦਰਮਿਆਨ ਰੂਪਨਗਰ ਤੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਇਥੇ ਕੋਰੋਨਾ 'ਤੇ ਫਤਿਹ ਪਾਉਂਦੇ ਹੋਏ ਅੱਜ 17 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਕੋਰੋਨਾ ਐਕਟਿਵ ਪਾਜ਼ੇਟਿਵ ਪਾਏ ਗਏ 57 ਵਿਅਕਤੀਆਂ ਦਾ ਇਲਾਜ ਜ਼ੋ ਕਿ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਚੱਲ ਰਿਹਾ ਸੀ। ਉਨ੍ਹਾਂ 'ਚੋਂ ਹੁਣ 17 ਵਿਅਕਤੀ ਠੀਕ ਹੋ ਕੇ ਘਰ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਹੁਣ ਇਨ੍ਹਾਂ 17 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਕਿ ਜੋਕਿ ਹੁਣ ਪੂਰੀ ਤਰ੍ਹਾਂ ਠੀਕ ਹਨ।
ਉਨ੍ਹਾਂ ਨੇ ਦੱਸਿਆ ਕਿ ਹੁਣ ਜ਼ਿਲੇ 'ਚ ਕੋਰੋਨਾ ਐਕਟਿਵ ਪਾਜ਼ੇਟਿਵ ਕੇਸਾਂ ਦੀ ਸੰਖਿਆ ਘੱਟ ਕੇ 40 ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਠੀਕ ਹੋਏ ਇਹ ਵਿਅਕਤੀ 7 ਦਿਨਾਂ ਲਈ ਆਪਣੇ-ਆਪਣੇ ਘਰਾਂ 'ਚ ਹੋਮ ਕੁਆਰੰਟਾਈਨ ਰਹਿਣਗੇ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ 17 ਵਿਅਕਤੀ ਹੁਣ ਪੂਰੀ ਤਰ੍ਹਾਂ ਨਾਲ ਠੀਕ ਹਨ। ਕਿਸੇ ਨੂੰ ਵੀ ਇਨ੍ਹਾਂ ਵਿਅਕਤੀਆਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਪੂਰੀ ਜਾਂਚ ਤੋਂ ਬਾਅਦ ਹੀ ਇਹ ਵਿਅਕਤੀ ਘਰ ਭੇਜੇ ਜਾ ਰਹੇ ਹਨ।