ਫੇਸਬੁੱਕ 'ਤੇ ਕਰਫਿਊ ਪਾਸ ਪਾਉਣਾ ਪਿਆ ਮਹਿੰਗਾ, ਐੱਸ. ਡੀ. ਐੱਮ. ਨੇ ਕੀਤਾ ਰੱਦਾ
Saturday, Mar 28, 2020 - 03:08 PM (IST)
ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ): ਕੋਰੋਨਾ ਵਾਇਰਸ ਕਾਰਨ ਮਾਲੇਰਕੋਟਲਾ ਸਬ-ਡਵੀਜ਼ਨ 'ਚ ਲੱਗੇ ਕਰਫਿਊ ਦੌਰਾਨ ਇਕ ਵਿਅਕਤੀ ਵਲੋਂ ਆਪਣਾ ਕਰਫਿਊ ਪਾਸ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਅਪਲੋਡ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਐੱਸ.ਡੀ.ਐੱਮ. ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਸ਼ਹਿਬਾਜ਼ ਹੁਸੈਨ ਨਾਮ ਦੇ ਵਿਅਕਤੀ ਦਾ ਕਰਫਿਊ ਪਾਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ 'ਚ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਸਨ ਅਤੇ ਇਨ੍ਹਾਂ ਸਭ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਸਨ। ਪਰ ਉਨ੍ਹਾਂ ਦੇ ਧਿਆਨ 'ਚ ਆਇਆ ਕਿ ਸ਼ਹਿਬਾਜ਼ ਹੁਸੈਨ ਨਾਮ ਦੇ ਵਿਅਕਤੀ ਨੇ ਆਪਣਾ ਕਰਫਿਊ ਪਾਸ ਫੇਸਬੁੱਕ 'ਤੇ ਅਪਲੋਡ ਕਰਕੇ ਸ਼ੋਹਰਤ ਖੱਟਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬਹੁਤ ਗਲਤ ਗਲਤ ਹੈ। ਸ੍ਰੀ ਪਾਂਥੇ ਨੇ ਕਿਹਾ ਕਿ ਕਰਫਿਊ ਪਾਸ ਸਿਰਫ ਲੋੜਵੰਦ ਲੋਕਾਂ ਤੱਕ ਜ਼ਰੂਰਤ ਦਾ ਸਾਮਾਨ ਅਤੇ ਹੋਰ ਰਾਸ਼ਨ ਆਦਿ ਪਹੁੰਚਾਉਣ ਲਈ ਜਾਰੀ ਕੀਤੇ ਗਏ ਸਨ ਨਾ ਕਿ ਆਮ ਲੋਕਾਂ 'ਚ ਸ਼ੋਹਰਤ ਖੱਟਣ ਲਈ। ਸ੍ਰੀ ਪਾਂਥੇ ਨੇ ਮਾਲੇਰਕੋਟਲਾ ਸ਼ਹਿਰ 'ਚ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਾਮਾਨ ਵੰਡ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਮਾਜ ਸੇਵੀ ਸੰਸਥਾਵਾਂ ਸਵੇਰੇ 11 ਤੋਂ 2 ਵਜੇ ਤੱਕ ਅਤੇ ਸ਼ਾਮ 5 ਤੋਂ 7 ਵਜੇ ਤੱਕ ਹੀ ਰਾਸ਼ਨ ਵੰਡ ਸਕਦੀਆਂ ਹਨ ਅਤੇ ਰੋਜ਼ਾਨਾ ਰਾਸ਼ਨ ਅਤੇ ਹੋਰ ਸਾਮਾਨ ਵੰਡਣ ਤੋਂ ਪਹਿਲਾਂ ਐੱਸ.ਡੀ.ਐੱਮ. ਦਫਤਰ, ਮਾਲੇਰਕੋਟਲਾ ਵਿਖੇ ਆ ਕੇ ਰਿਪੋਰਟ ਕਰਨਗੀਆਂ ਤਾਂ ਜੋ ਰੋਜ਼ਾਨਾਂ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾ ਸਕੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਲੋਕੇਸ਼ਨ ਉਪਰ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨ ਲਈ ਮਾਲੇਰਕੋਟਲਾ ਸਬ-ਡਵੀਜ਼ਨ 'ਚ ਬੀਰ ਦਵਿੰਦਰ ਸਿੰਘ (8427400163) ਐੱਸ.ਡੀ.ਓ ਪੀ.ਡਬਲਿਊ.ਡੀ. ਮਾਲੇਰਕੋਟਲਾ ਅਤੇ ਅਹਿਮਦਗੜ੍ਹ ਸਬ-ਡਵੀਜ਼ਨ 'ਚ ਚੰਦਰ ਪ੍ਰਕਾਸ (9501018521) ਐਸ.ਡੀ.ਓ. ਪੀ.ਡਬਲਿਊ.ਡੀ ਮਾਲੇਰਕੋਟਲਾ ਨੂੰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਪਾਂਥੇ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਰਾਸ਼ਨ ਜਾਂ ਹੋਰ ਜ਼ਰੂਰਤ ਦਾ ਸਮਾਨ ਵੰਡਣ ਸਮੇਂ ਦੀਆਂ ਤਸਵੀਰਾਂ ਤੋਂ ਇਲਾਵਾ ਆਪਣੇ ਸੰਪਰਕ ਨੰਬਰ ਸੋਸ਼ਲ ਸਾਇਟਸ ਉਪਰ ਸ਼ੇਅਰ ਕਰਨ ਤਾਂ ਜ਼ੋ ਲੋੜਵੰਦ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਰਫਿਊ ਪਾਸ ਦੀ ਵਰਤੋਂ ਸਿਰਫ ਰਾਸ਼ਨ ਵੰਡਣ ਜਾਣ ਸਮੇਂ ਹੀ ਕੀਤੀ ਜਾਵੇ।