ਕੋਰੋਨਾ ਵਾਇਰਸ : ਮਨੁੱਖ ਜਾਤੀ ਲਈ ਪ੍ਰਕੋਪ ਅਤੇ ਕੁਦਰਤ ਲਈ ਮੁੜ-ਵਸੇਬਾ

04/01/2020 10:50:43 AM

ਡਾ. ਸੰਨੀ ਕੁਮਾਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਆਮ ਤੌਰ ’ਤੇ ਜਦੋਂ ਅਸੀਂ ਕਿਸੇ ਦੇਸ਼ ਦੇ ਜਾਂ ਫ਼ਿਰ ਪੂਰੇ ਸੰਸਾਰ ਦੇ ਗੰਭੀਰ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਸਾਡਾ ਧਿਆਨ ਆਪ ਮੁਹਾਰੇ ਮੌਸਮੀ ਤਬਦੀਲੀ, ਆਰਥਿਕ ਮੰਦਹਾਲੀ, ਨਸ਼ਿਆਂ ਦੇ ਪ੍ਰਕੋਪ, ਬੇਰੁਜ਼ਗਾਰੀ ਜਾਂ ਇਸ ਤਰਾਂ ਦੇ ਹੋਰ ਮੁੱਦਿਆਂ ਵੱਲ ਚਲਾ ਜਾਂਦਾ ਹੈ। ਹਰੇਕ ਦੇਸ਼ ਦੇ, ਸੂਬੇ ਦੇ ਤੇ ਹਰੇਕ ਸੂਬੇ ਦੇ ਵੱਖ-ਵੱਖ ਖਿੱਤਿਆਂ ਦੇ ਮਸਲੇ ਇਕ ਦੂਜੇ ਤੋਂ ਵੱਖਰੇ ਹੁੰਦੇ ਹਨ ਪਰ ਪਿਛਲੇ ਕੁਝ ਕੁ ਸਮੇਂ ਤੋਂ ਇਕ ਇਹੋ ਜਿਹਾ ਵਰਤਾਰਾ ਸਾਹਮਣੇ ਆਇਆ ਹੈ, ਜਿਸ ’ਚ ਪੂਰਾ ਸੰਸਾਰ ਬਾਕੀ ਸਾਰੇ ਮੁੱਦੇ ਛੱਡ ਸਿਰਫ਼ ਇਕ ਹੀ ਮੁੱਦੇ ’ਤੇ ਚਿੰਤਨ ਕਰ ਰਿਹਾ ਹੈ। ਇਹ ਮੁੱਦਾ ਹੈ ‘ਕੋਰੋਨਾ ਵਾਇਰਸ ਦਾ’। ਕਿਸੇ ਨੇ ਕਦੇ ਸੋਚਿਆ ਤੱਕ ਨਹੀਂ ਹੋਣਾ ਕਿ ਅਗਲੇ ਕੁਝ ਦਿਨਾਂ ’ਚ ਤੇਜ਼ ਦੌੜ ਰਿਹਾ ਇਹ ਸੰਸਾਰ ਬਿਲਕੁਲ ਰੁਕ ਜਾਏਗਾ। ਕੀ ਪਤਾ ਸੀ ਕਿ ਨੰਗੀ ਅੱਖ ਨਾਲ ਨਾ ਦਿਖਣ ਵਾਲਾ ਕੋਰੋਨਾ ਵਾਇਰਸ ਨਾਂ ਦਾ ਇਕ ਸੂਖਮ ਪ੍ਰਾਣੀ ਇਸ ਦੁਨੀਆ ’ਚ ਏਨੀ ਦਹਿਸ਼ਤ ਪਾ ਦੇਵੇਗਾ ਕਿ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸੌ ਵਾਰ ਸੋਚਣਗੇ। ਸੱਚ ਪੁੱਛੋ ਤਾਂ ਲੋਕਾਂ ਨੂੰ ਇਸ ਤਰ੍ਹਾਂ ਸਹਿਮਿਆ ਹੋਇਆ ਪਹਿਲੀ ਵਾਰ ਵੇਖਿਆ ਗਿਆ ਹੈ। ਇਸ ਵਿਸ਼ਾਣੂ ਨੇ ਉਨ੍ਹਾਂ ਮੁਲਕਾਂ ’ਚ ਤਰਥੱਲੀ ਮਚਾ ਦਿੱਤੀ ਜੋ ਆਪਣੇ ਆਪ ਨੂੰ ਪੂਰੀ ਦੁਨੀਆਂ ਦਾ ਅਲੰਬੜਦਾਰ ਕਹਾਉਂਦੇ ਹਨ ਜਾਂ ਕਹਾਉਣ ਦਾ ਸੁਪਨਾ ਰੱਖਦੇ ਹਨ। ਦੁਨੀਆਂ ’ਤੇ ਰਾਜ ਕਰਨ ਵਾਲੇ ਮੁਲਕ ਇਸ ਸਮੇਂ ਆਪਣੀ ਹੋਂਦ ਬਚਾਉਣ ਲਈ ਬੇਵਸ ਨਜ਼ਰ ਆ ਰਹੇ ਹਨ। ਇਸ ਵਿਸ਼ਾਣੂ ਨੇ ਸਾਬਿਤ ਕਰ ਦਿੱਤਾ ਕਿ ਪੈਸਾ ਇੰਨਾ ਕੀਮਤੀ ਨਹੀਂ ਹੁੰਦਾ, ਜਿੰਨੀ ਜਾਨ ਕੀਮਤੀ ਹੁੰਦੀ ਹੈ।

ਸੰਸਾਰ ਭਰ ’ਚ ਤਬਾਹੀ ਮਚਾਉਣ ਵਾਲੇ ਇਸ ਵਾਇਰਸ ਦੀ ਪੁਸ਼ਟੀ ਡਬਲਿਓ.ਐੱਚ.ਓ. ਵਲੋਂ 30 ਜਨਵਰੀ ਨੂੰ ਕੀਤੀ ਗਈ। ਇਸ ਨੂੰ ਕੋਵਿਡ-19 ਦਾ ਨਾਮ ਦਿੱਤਾ ਗਿਆ। ਇਹ ਵਾਇਰਸ ਮਨੁੱਖੀ ਸਰੀਰ ਦੇ ਅੰਦਰ ਜਾਂਦਿਆਂ ਇਸ ਤਰ੍ਹਾਂ ਦੀ ਛਤਰੀ ਬਣਾਉਂਦਾ ਹੈ, ਜਿਸ ਨਾਲ ਮਨੁੱਖ ਨੂੰ ਸਾਹ ਲੈਣ ’ਚ ਤਕਲੀਫ ਆਉਂਦੀ ਹੈ। ਚੀਨ ਦੇ ਵੁਹਾਨ ਸ਼ਹਿਰ ’ਚ ਪੈਦਾ ਹੋਏ ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਗ੍ਰਿਫਤ ’ਚ ਲੈ ਲਿਆ ਹੈ। ਪੂਰੀ ਦੁਨੀਆ ’ਚ ਇਸ ਵਿਸ਼ਾਣੂ ਨਾਲ ਕਈ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਹੁਣ ਤੱਕ ਇਹ ਜਾਪਾਨ, ਮਲੇਸ਼ੀਆ, ਸਾਉਥ ਕੋਰੀਆ, ਕੈਨੇਡਾ, ਸਿੰਘਾਪੁਰ, ਅਮਰੀਕਾ, ਆਸਟਰੇਲੀਆ, ਚੀਨ, ਭਾਰਤ, ਪਾਕਿਸਤਾਨ, ਇੱਟਲੀ ਅਤੇ ਇਰਾਨ ਵਰਗੇ 180 ਦੇਸ਼ਾਂ ਨੂੰ ਆਪਣੀ ਜਕੜ ’ਚ ਲੈ ਚੁੱਕਾ ਹੈ। ਇਸ ਵਿਸ਼ਾਣੂ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਲਾਇਆ ਜਾ ਸਕਦਾ ਹੈ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਅਤੇ ਸਪੇਨ ਦੀ ਰਾਜਕੁਮਾਰੀ ਵੀ ਇਸ ਵਿਸ਼ਾਣੂ ਦੀ ਚਪੇਟ ਆਉਣ ਤੋਂ ਬਚ ਨਹੀਂ ਸਕੇ ਹਨ। ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਸਮੇਤ ਲਗਭਗ ਸਾਰੇ ਦੇਸ਼ਾਂ ’ਚ ਇਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ।

ਹਾਲੇ ਤੱਕ ਭਾਵੇਂ ਇਸ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਹੋਰ ਦਰਦਨਾਕ ਬੀਮਾਰੀਆਂ ਤੋਂ ਘੱਟ ਹੈ ਪਰ ਇਸ ਦੇ ਵਧਣ ਦੀ ਰਫਤਾਰ ਕਾਰਣ ਇਸ ਨੂੰ ਸਭ ਤੋਂ ਭਿਆਨਕ ਮੰਨਿਆ ਜਾ ਰਿਹਾ ਹੈ। ਇਸੇ ਕਾਰਣ ਦੂਰ-ਦੁਰਾਡਿਓਂ ਆਉਣ ਵਾਲੀਆਂ ਅੰਤਰਰਾਸ਼ਟਰੀ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਰਾਸ਼ਟਰੀ ਸਰਹੱਦਾਂ ’ਤੇ ਰੋਕ ਲਗਾ ਦਿੱਤੀ। ਸਰਕਾਰੀ ਅਤੇ ਗੈਰ ਸਰਕਾਰੀ ਸਕੂਲ, ਕਾਲਜ, ਦਫ਼ਤਰ, ਕਾਰਖਾਨੇ, ਬਾਜ਼ਾਰ, ਬੱਸ-ਅੱਡੇ, ਰੇਲਵੇ ਸਟੇਸ਼ਨ ਆਦਿ ਸਭ ਬੰਦ ਕਰ ਦਿੱਤੇ ਗਏ ਹਨ। ਪੂਰੀ ਦੁਨੀਆਂ ’ਚ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ (ਘਰ ’ਚ ਰਹਿਣ) ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਕਿਸੇ ਨੇ ਕਦੇ ਨਹੀਂ ਸੀ ਸੋਚਿਆ ਕਿ ਦੁਨੀਆਂ ਦੇ ਵੱਡੇ ਸ਼ਹਿਰਾਂ ਦੀਆਂ ਇਕ ਮਿੰਟ ਲਈ ਸਾਹ ਨਾ ਲੈਣ ਵਾਲੀਆਂ ਸੜਕਾਂ ਇਸ ਵਾਇਰਸ ਕਾਰਣ ਸੁੰਨੀਆਂ ਹੋ ਜਾਣਗੀਆਂ। ਕੋਰੋਨਾ ਵਾਇਰਸ ਦੇ ਪ੍ਰਵਾਹ ਨੇ ਸਿਰਫ ਆਪਣੇ ਮੁਲਕ ਨੂੰ ਨਹੀਂ ਸਗੋਂ ਸਾਰੇ ਸੰਸਾਰ ਦੇ ਅਰਥਚਾਰੇ ਨੂੰ ਹਲਾ ਕੇ ਰੱਖ ਦਿੱਤਾ। ਸ਼ੇਅਰ ਬਾਜ਼ਾਰ ’ਚ ਗਿਰਾਵਟ ਲਗਾਤਾਰ ਜਾਰੀ ਹੈ। ਇਸ ਆਰਥਿਕ ਮੰਦੀ ਆਉਣ ਦਾ ਮੁੱਖ ਕਾਰਣ ਆਰਥਿਕ ਗਤੀਵਿਧੀਆਂ ਦਾ ਇੱਕੋ ਵਾਰ ਰੁਕ ਜਾਣਾ ਹੈ। ਵੇਖਣਾ ਹੋਵੇਗਾ ਕਿ ਇਹ ਮੰਦੀ ਹੋਰ ਕਿੰਨਾ ਕੁ ਗੰਭੀਰ ਰੂਪ ਲਵੇਗੀ। ਇਸ ਦਾ ਅਨੁਮਾਨ ਤਾਂ ਹਾਲੇ ਤੱਕ ਚੰਗੇ ਅਰਥਸ਼ਾਸਤਰੀ ਵੀ ਨਹੀਂ ਲਗਾ ਪਾਏ ਹਨ, ਕਿਉਂਕਿ ਫਿਲਹਾਲ ਮੁੱਦਾ ਇਸ ਗੰਭੀਰ ਮਹਾਂਮਾਰੀ ਤੋਂ ਨਿਜ਼ਾਤ ਹਾਸਿਲ ਕਰਨਾ ਹੈ।  ਜੇਕਰ ਮੰਦੀ ਦੀ ਗੱਲ ਕਰੀਏ ਤਾਂ ਆਰ.ਬੀ.ਆਈ. ਵੱਲੋਂ ਕੀਤੀਆਂ ਪਹਿਲਕਦਮੀਆਂ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਜਿਸ ਦਾ ਪ੍ਰਭਾਵ ਸਿੱਧਾ ਆਉਣ ਵਾਲੀ ਜੀ.ਡੀ.ਪੀ. ਉੱਪਰ ਪਵੇਗਾ। ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ’ਚ ਗਿਰਾਵਟ ਕਾਰਣ ਵਿਆਜ ਦੇ ਦਰ ’ਚ ਗਿਰਾਵਟ ਹੋਵੇਗੀ, ਜਿਸ ਨਾਲ ਨਿਵੇਸ਼ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਵੱਧ ਜਾਣ ਨਾਲ ਮਹਿੰਗਾਈ ਵੱਧ ਜਾਵੇਗੀ। ਆਖਿਰ ਨੂੰ ਵਿਸ਼ਵ ਪੱਧਰ ਦਾ ਅਰਥਚਾਰਾ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ।

ਪਰ ਕਹਿੰਦੇ ਹਨ ਕਿ ਹਰ ਇਕ ਚੀਜ ਹਰ ਕਿਸੇ ਲਈ ਚੰਗੀ ਅਤੇ ਹਰ ਕਿਸੇ ਲਈ ਮਾੜੀ ਨਹੀਂ ਹੋ ਸਕਦੀ। ਕਈ ਵਾਤਾਵਰਨ ਪ੍ਰੇਮੀ ਲੋਕ ਇਸ ਵਾਇਰਸ ਨੂੰ ਇਸ ਨਜ਼ਰੀਏ ਤੋਂ ਦੇਖ ਰਹੇ ਹਨ ਕਿ ਜੇਕਰ ਇਹ ਵਾਇਰਸ ਮਨੁੱਖ ਜਾਤੀ ਲਈ ਪ੍ਰਕੋਪ ਬਣ ਕੇ ਸਾਹਮਣੇ ਆਇਆ ਹੈ ਤਾਂ ਨਾਲ ਹੀ ਇਹ ਕੁਦਰਤ ਲਈ ਮੁੜ-ਵਸੇਬੇ ਦਾ ਜਰੀਆ ਵੀ ਬਣਿਆ ਹੈ। ਪਿਛਲੇ ਕੁਝ ਸਾਲਾਂ ’ਚ ਮਨੁੱਖ ਨੇ ਵਿਗਿਆਨਕ ਤਰੱਕੀ ਦੇ ਨਾਂ ’ਤੇ ਵਾਤਾਵਰਨ ਨਾਲ ਬਹੁਤ ਖਿਲਵਾੜ ਕੀਤਾ। ਮਨੁੱਖੀ ਗਤੀਵਿਧੀਆਂ ਨਾਲ ਹਵਾ, ਪਾਣੀ, ਮਿੱਟੀ ਅਤੇ ਜੰਗਲੀ ਜੀਵਨ ਦਾ ਬਹੁਤ ਵਿਨਾਸ਼ ਹੋਇਆ ਹੈ। ਜੇਕਰ ਮਨੁੱਖ ਸਮਝੇ ਤਾਂ ਇਸ ਵਾਇਰਸ ਨੇ ਸਾਰੀ ਮਨੁੱਖਤਾ ਨੂੰ ਸ਼ੀਸ਼ਾ ਵਿਖਾਇਆ ਹੈ। ਕਿਹਾ ਜਾ ਸਕਦਾ ਹੈ ਕਿ ਇਸ ਵਾਇਰਸ ਦੇ ਜ਼ਰੀਏ ਸਾਰੀ ਕਾਇਨਾਤ ਸਾਨੂੰ ਬੋਲ ਕੇ ਦੱਸ ਰਹੀ ਹੈ ਕਿ ਜੇਕਰ ਤੁਸੀਂ ਕਦਰਤ ਨਾਲ ਖਿਲਵਾੜ ਕਰੋਗੇ ਤਾਂ ਕੁਦਰਤ ਚੁੱਪ ਨਹੀਂ ਬੈਠੇਗੀ। ਕੁੱਝ ਗੱਲਾਂ ਅਜਿਹੀਆਂ ਸਾਹਮਣੇ ਆ ਰਹੀਆਂ ਹਨ, ਜੋ ਇਸ ਵਿਸ਼ਾਣੂ ਦੇ ਕੁਦਰਤ-ਪੱਖੀ ਹੋਣ ਦੀ ਗਵਾਹੀ ਭਰ ਰਹੀਆਂ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਵਾ ਦੀ ਗੁਣਵੱਤਾ ਦੀ, ਜਿਸ ’ਚ ਪਿਛਲੇ ਕੁਝ ਸਮੇਂ ਦੌਰਾਨ ਕਾਫੀ ਗਿਰਾਵਟ ਵੇਖਣ ਨੂੰ ਮਿਲੀ ਪਰ ਲਾਕਡਾਊਨ ਤੋਂ ਬਾਅਦ ਪੰਜਾਬ ’ਚ ਹਵਾ ਦੀ ਗੁਣਵੱਤਾ ’ਚ ਬਹੁਤ ਸੁਧਾਰ ਹੋਇਆ । ਇਨ੍ਹਾਂ ਦਿਨਾਂ ’ਚ ਪੰਜਾਬ ਦਾ ਹਵਾ ਗੁਣਵੱਤਾ ਪੈਮਾਨਾ 30 (ਉੱਤਮ ਗੁਣਵੱਤਾ ਵਾਲੀ ਹਵਾ) ’ਤੇ ਪਹੁੰਚ ਗਿਆ ਹੈ, ਜਦਕਿ ਆਮ ਤੌਰ ’ਤੇ ਇਹ 100 ਤੋ ਵੱਧ ਪਾਇਆ ਜਾਂਦਾ ਹੈ। ਹਵਾ ਦੇ ਇਸ ਸੁਧਾਰ ਪਿੱਛੇ ਮਨੁੱਖੀ ਗਤੀਵਿਧੀਆਂ ਦਾ ਬੰਦ ਹੋਣਾ ਹੈ, ਕਿਉਂਕਿ ਇਨ੍ਹਾਂ ਗਤੀਵਿਧੀਆਂ ਦੌਰਾਨ ਹਵਾ ’ਚ ਬਹੁਤ ਜ਼ਿਆਦਾ ਜ਼ਹਿਰ ਘੁਲਦੀ ਹੈ। ਇਸ ਵਰਤਾਰੇ ਤੋਂ ਸਿੱਖ ਲੈਂਦੇ ਹੋਏ ਸਾਨੂੰ ਏਦਾਂ ਦੇ ਕਾਨੂੰਨ ਬਣਾਉਣ ਦੀ ਲੋੜ ਹੈ ਕਿ ਵਿਸ਼ਵ ਪੱਧਰ ’ਤੇ ਇਕ ਦਿਨ ਲਈ ਸਾਰੀਆਂ ਮਨੁੱਖੀ ਗਤੀਵਿਧੀਆਂ ਬੰਦ ਕਰਕੇ ਵਾਤਾਵਰਨ ਸ਼ੁੱਧ ਕਰਨ ’ਚ ਯੋਗਦਾਨ ਪਾਈਏ।

ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਆ ਰਹੀਆਂ ਪੰਛੀਆਂ ਦੀਆਂ ਆਵਾਜ਼ਾਂ, ਜੋ ਮਨੁੱਖੀ ਚਕਾਚੌਂਧ ’ਚ ਕਿਤੇ ਅਲੋਪ ਹੀ ਹੋ ਗਈਆਂ। ਸਾਡੇ ਵਹੀਕਲਾਂ ਦੀਆਂ ਅਵਾਜ਼ਾਂ ਤੋਂ ਕਿਤੇ ਜ਼ਿਆਦਾ ਸੁੱਖਦਾਈ ਅਤੇ ਦਿਲ ਨੂੰ ਮੋਹਣ ਵਾਲੀਆਂ ਹਨ। ਇਨ੍ਹਾਂ ਦਿਨਾਂ ’ਚ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਅਸੀਂ ਕੁਝ ਪੰਛੀ ਕਦੇ ਦੇਖੇ ਹੀ ਨਹੀਂ, ਜੋ ਸਾਨੂੰ ਅੱਜ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਕਈ ਜਾਨਵਰਾਂ ਦੇ ਸੜਕਾਂ ’ਤੇ ਉਤਰ ਆਉਣ ਨਾਲ ਵਾਤਾਵਰਣ ਦੇ ਸ਼ਾਂਤ ਅਤੇ ਸਾਫ਼ ਹੋਣ ਦੀ ਗਵਾਹੀ ਭਰੀ ਹੈ। ਇਸ ਤੋਂ ਇਲਾਵਾ ਆਤੰਕੀ ਹਮਲੇ ਖਾਮੋਸ਼ ਹਨ। ਅਮੀਰ-ਗਰੀਬ ਦੇ ਭੇਦ ਵੀ ਖਤਮ ਹੋਏ ਜਾਪਦੇ ਹਨ। ਇਸ ਵਾਇਰਸ ਨੇ ਹਸਪਤਾਲਾਂ ਦੀ ਮਹੱਤਤਾ ਅਤੇ ਡਾਕਟਰ ਸ਼ਬਦ ਦੇ ਅਰਥ ਬੜੀ ਬਾਖੂਬੀ ਨਾਲ ਸਾਨੂੰ ਸਮਝਾਏ ਹਨ। ਭੀੜ ’ਚ ਫਸਿਆ ਮਨੁੱਖ ਬੇ-ਵਾਹ ਹੋ ਕੇ ਆਪਣੇ ਪਰਿਵਾਰ ’ਚ ਬੈਠ ਗਿਆ ਹੈ। ਇਸ ਸਭ ਵਰਤਾਰੇ ਤੋਂ ਮੰਨ ਲੈਣਾ ਚਾਹੀਦਾ ਹੈ ਕਿ ਆਪਾਂ ਇਸ ਦੁਨੀਆ ਪ੍ਰਤੀ ਫਰਜ਼ ਤੋਂ ਬਹੁਤ ਦੂਰ ਹਾਂ। ਕਿਤੇ ਨਾ ਕਿਤੇ ਅੱਜ ਆਪਣੀਆਂ ਕੁਝ ਗਲਤੀਆਂ ਕਾਰਣਾਂ ਕਰਕੇ ਆਪਾਂ ਅੱਜ ਇੱਥੇ ਖੜੇ ਹਾਂ। ਆਓ ਇਨ੍ਹਾਂ ਸਭ ਹਾਲਾਤਾਂ ਤੋਂ ਕੁੱਝ ਸਿੱਖੀਏ ਅਤੇ ਆਪਣੇ ਬਣਦੇ ਫਰਜ਼ ਨਿਭਾਈਏ।


rajwinder kaur

Content Editor

Related News