ਕੋਰੋਨਾ ਪਾਜ਼ੇਟਿਵ ਹੇਮਾ ਦੇ ਸੰਪਰਕ ''ਚ ਰਹਿਣ ਵਾਲੇ 10 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
Wednesday, Apr 15, 2020 - 06:25 PM (IST)
ਖਰੜ (ਰਣਬੀਰ, ਅਮਰਦੀਪ, ਸ਼ਸ਼ੀ) : ਮੁੰਡੀ ਖਰੜ ਆਸਥਾ ਇਨਕਲੇਵ ਦੀ ਰਹਿਣ ਵਾਲੀ ਕੋਰੋਨਾ ਪੀੜਤ ਮ੍ਰਿਤਕ ਬਜ਼ੁਰਗ ਔਰਤ ਦੇ ਘਰ 'ਚ ਕੰਮ ਕਰਨ ਵਾਲੀ ਉਸ ਦੀ ਨੌਕਰਾਣੀ ਹੇਮਾ ਦੀ ਰਿਪੋਰਟ ਮੰਗਲਵਾਰ ਨੂੰ ਪਾਜ਼ੇਟਿਵ ਆਉਣ ਮਗਰੋਂ ਹੇਮਾ ਦੇ ਪਰਿਵਾਰ ਸਮੇਤ ਉਸ ਦੇ ਸੰਪਰਕ 'ਚ ਰਹਿਣ ਵਾਲੇ ਕੁੱਲ 10 ਵਿਅਕਤੀਆਂ ਦੇ ਸੈਂਪਲ ਸਿਹਤ ਮਹਿਕਮੇ ਵੱਲੋਂ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਸਾਰਿਆਂ ਦੀ ਰਿਪੋਰਟ ਬੀਤੀ ਰਾਤ ਨੈਗੇਟਿਵ ਆਉਣ ਨਾਲ ਕੇਵਲ ਇਨ੍ਹਾਂ ਵਿਅਕਤੀਆਂ ਬਲਕਿ ਖਰੜ ਸ਼ਹਿਰ ਲਈ ਵੀ ਇਕ ਰਾਹਤ ਵਾਲੀ ਗੱਲ ਹੈ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਖਰੜ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਆਪਣੇ-ਆਪਣੇ ਘਰਾਂ 'ਚ ਅਹਿਤਿਆਤ ਵਜੋਂ ਕੁਆਰੰਟਾਈਨ ਕੀਤਾ ਗਿਆ ਸੀ। ਰਿਪੋਰਟ ਨੈਗੇਟਿਵ ਹੋਣ ਦੇ ਬਾਵਜੂਦ ਇਨ੍ਹਾਂ ਸਾਰਿਆਂ ਨੂੰ ਕੁਆਰੰਟਾਈਨ ਦਾ 14 ਦਿਨਾਂ ਦੀ ਮਿਆਦ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ 38 ਸਾਲਾ ਹੇਮਾ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਸ ਨੂੰ ਕੱਲ ਹੀ ਬਨੂੰੜ ਵਿਖੇ ਸਥਿਤ ਇਕ ਨਿੱਜੀ ਹਸਪਤਾਲ ਅੰਦਰ ਸ਼ਿਫਟ ਕਰ ਦਿੱਤਾ ਗਿਆ ਸੀ।