ਪੁਲਸ ਨੇ ਵੱਖਰੇ ਅੰਦਾਜ਼ ''ਚ ਕੀਤਾ ਨਵ-ਵਿਆਹੀ ਜੋੜੀ ਦਾ ਸਵਾਗਤ
Tuesday, May 05, 2020 - 06:35 PM (IST)
ਡੇਹਲੋਂ (ਡਾ. ਪ੍ਰਦੀਪ) : ਡੇਹਲੋਂ ਵਿਖੇ ਕਰਫ਼ਿਊ ਇਨਫ਼ੋਰਸਮੈਂਟ ਵਾਲੰਟੀਅਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨਜ਼ਦੀਕੀ ਪਿੰਡ ਸਾਇਆਂ ਦੇ ਹਰਕਮਲ ਸਿੰਘ ਦੇ ਵਿਆਹ ਮੌਕੇ ਡੇਹਲੋਂ ਪੁਲਸ ਵਲੋਂ ਨਵ-ਵਿਆਹੀ ਜੋੜੀ ਦਾ ਸਵਾਗਤ ਵੱਖਰੇ ਅੰਦਾਜ਼ 'ਚ ਕੀਤਾ ਗਿਆ। ਹਰਕਮਲ ਸਿੰਘ ਦਾ ਵਿਆਹ ਅੱਜ ਪਿੰਡ ਟੂਸੇ ਵਾਸੀ ਦਲਵੀਰ ਕੌਰ ਨਾਲ ਹੋਇਆ। ਉਸਦੇ ਪਿਤਾ ਰਿਟਾ. ਜੇ. ਈ. ਸੁਖਦੇਵ ਸਿੰਘ ਅਨੁਸਾਰ ਉਹ ਸਿਰਫ ਪਰਿਵਾਰਕ ਮੈਂਬਰ ਹੀ ਲੜਕੇ ਨੂੰ ਵਿਆਹੁਣ ਗਏ ਸਨ ਅਤੇ ਵਿਆਹ ਪੂਰੇ ਰੀਤੀ-ਰਿਵਾਜ਼ਾਂ ਨਾਲ ਅਤੇ ਬਹੁਤ ਹੀ ਸਾਦੇ ਤਰੀਕੇ ਨਾਲ ਹੋਇਆ। ਉਹ ਤੜਕੇ 5 ਵਜੇ 5 ਨਾਲ ਗਏ ਸਨ ਅਤੇ 9 ਕੁ ਵਜੇ ਤੱਕ ਸਾਰੀਆਂ ਰਸਮਾਂ ਨੇਪਰੇ ਚੜ੍ਹ ਗਈਆਂ। 2 ਕਾਰਾਂ 'ਚ ਸਵਾਰ ਇਹ ਬਾਰਾਤੀ ਜਦ ਡੇਹਲੋਂ ਚੌਂਕ 'ਚ ਪੁੱਜੇ ਤਾਂ ਡੇਹਲੋਂ ਦੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਅਤੇ ਥਾਣਾ ਡੇਹਲੋਂ ਦੇ ਟ੍ਰੈਫ਼ਿਕ ਇੰਚਾਰਜ ਅਤੇ ਨੋਡਲ ਅਫ਼ਸਰ ਕੁਲਦੀਪ ਸਿੰਘ ਅਤੇ ਹੋਰਨਾਂ ਪੁਲਸ ਕਰਮਚਾਰੀਆਂ ਵਲੋਂ ਇਸ ਜੋੜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਪੁਲਸ ਵਲੋਂ ਇਕ ਕੇਕ ਵੀ ਮੰਗਵਾਇਆ ਗਿਆ। ਨਵ-ਵਿਆਹੀ ਜੋੜੀ ਨੇ ਕੇਕ ਕੱਟਿਆ ਅਤੇ ਉੱਥੇ ਹਾਜ਼ਰ ਥਾਣਾ ਮੁਖੀ, ਟ੍ਰੈਫ਼ਿਕ ਇੰਚਾਰਜ ਅਤੇ ਹੋਰ ਪੁਲਸ ਕਰਮੀਆਂ ਨੇ ਲਾੜੇ ਅਤੇ ਲਾੜੀ ਨੂੰ ਮੁਬਾਰਕਾਂ ਦਿੱਤੀਆਂ। ਇਸ ਤੋਂ ਬਾਅਦ ਲਾੜੇ ਨੇ ਰੀਤੀ-ਰਿਵਾਜ਼ ਪੂਰੇ ਕਰ ਕੇ ਸ਼ਾਮੀ ਆਪਣੀ ਡਿਊਟੀ ਵੀ ਨਿਭਾਈ। ਉਸਨੇ ਕਿਹਾ ਕਿ ਭਾਵੇਂ ਅੱਜ ਉਸਦੀ ਜ਼ਿੰਦਗੀ ਦਾ ਇਕ ਅਹਿਮ ਦਿਨ ਹੈ ਪਰ ਕੋਰੋਨਾ ਵਾਇਰਸ ਕਾਰਣ ਜ਼ਿਲਾ ਪ੍ਰਸ਼ਾਸਨ ਵਲੋਂ ਵਾਲੰਟੀਅਰ ਵਜੋਂ ਲਾਈ ਡਿਊਟੀ ਵੀ ਉਸ ਲਈ ਅਹਿਮ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਉਸਦਾ ਫ਼ਰਜ਼ ਹੈ।| ਇਸ ਮੌਕੇ ਸਹਾਇਕ ਥਾਣੇਦਾਰ ਰਣਜੀਤ ਸਿੰਘ, ਸਹਾਇਕ ਥਾਣੇਦਾਰ ਬਲਜੀਤ ਸਿੰਘ, ਬਲਵਿੰਦਰ ਸਿੰਘ ਰੀਡਰ, ਹੌਲਦਾਰ ਸਰਬਜੀਤ ਸਿੰਘ ਰੁੜਕਾ, ਹੌਲਦਾਰ ਅਵਤਾਰ ਸਿੰਘ, ਵਾਲੰਟੀਅਰ ਖਾਲਸਾ ਆਦਿ ਵੀ ਹਾਜ਼ਰ ਸਨ।