ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਨੇ ਮਾਸਕ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ

Saturday, Apr 11, 2020 - 07:05 PM (IST)

ਚੰਡੀਗੜ੍ਹ (ਸ਼ਰਮਾ) : ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਜਨਤਕ ਥਾਵਾਂ 'ਤੇ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਸਿਹਤ ਵਿਭਾਗ ਵਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਨੇ ਦੱਸਿਆ ਕਿ ਜੇਕਰ ਕੋਈ ਕਿਸੇ ਦਫ਼ਤਰੀ ਕੰਮ ਜਾਂ ਕਿਸੇ ਹੋਰ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲਦਾ ਹੈ ਤਾਂ ਉਹ ਕੱਪੜੇ ਜਾਂ ਤਿੰਨ ਲੇਅਰਾਂ ਵਾਲਾ ਮਾਸਕ ਲਾਜ਼ਮੀ ਤੌਰ 'ਤੇ ਪਹਿਨੇਗਾ। ਉਲੰਘਣਾ ਕਰਨ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 11 ਅਪ੍ਰੈਲ ਤੋਂ 10 ਮਈ ਤਕ ਕੀਤੀਆਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ    

ਐਪੀਡੈਮਿਕ ਡਿਜ਼ੀਜ਼ ਐਕਟ 1897 ਤਹਿਤ ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਆਪਣੇ ਅਧਿਕਾਰਾਂ ਤਹਿਤ ਰੈਗੂਲੇਸ਼ਨ ਦੇ ਰੂਲ 12 ਦੀ ਵਰਤੋਂ ਕਰਦੇ ਹੋਏ ਮਿਤੀ 5.3. 2020 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ਤਹਿਤ ਜੋ ਵਿਅਕਤੀ ਹਸਪਤਾਲਾਂ ਅਤੇ ਹੋਰ ਦਫ਼ਤਰਾਂ, ਉਦਯੋਗਾਂ ਜਾਂ ਹੋਰ ਥਾਵਾਂ 'ਤੇ ਕੰਮ ਕਰਦੇ ਹਨ, ਤੋਂ ਇਲਾਵਾ ਆਪਣੇ ਸਾਧਨ 'ਤੇ ਸਫ਼ਰ ਕਰਦੇ ਹੋਏ ਵੀ ਮਾਸਕ ਨੂੰ ਪਹਿਨਣਗੇ। ਇਸ ਤਹਿਤ ਸੂਤੀ ਕੱਪੜੇ ਦੇ ਬਣੇ ਮਾਸਕ ਵੀ ਪਹਿਨੇ ਜਾ ਸਕਦੇ ਹਨ ਅਤੇ ਜੇਕਰ ਕਿਸੇ ਹਾਲਤ 'ਚ ਮਾਸਕ ਉਪਲਬਧ ਨਹੀਂ ਹੁੰਦਾ ਤਾਂ ਰੁਮਾਲ ਜਾਂ ਸਕਾਰਫ ਆਦਿ ਦੀ ਮੂੰਹ ਢੱਕਣ ਲਈ ਵਰਤੋਂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 1 ਮਈ ਤਕ ਵਧਾਈ ਕਰਫਿਊ/ਲਾਕ ਡਾਊਨ ਦੀ ਮਿਆਦ

ਭਾਰਤ ਅਤੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ 
ਦੁਨੀਆ ਭਰ ਵਿਚ ਕੋਰੋਨਾ ਕਾਰਨ ਹੁਣ ਤਕ 94,786 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਦਕਿ 15,86,326 ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਲਗਭਗ 27 ਸੂਬੇ ਪ੍ਰਭਾਵਤ ਹਨ, ਜਦਕਿ ਭਾਰਤ ਵਿਚ 6624 ਕੇਸ ਪਾਜ਼ੇਟਿਵ ਪਾਏ ਗਏ ਹਨ ਅਤੇ 226 ਤੋਂ ਵੱਧ ਲੋਕ ਕੋਵਿਡ-19 ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਸ਼ੁੱਕਰਵਾਰ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਐਲਾਨੇ ਜਾਣ ਵਾਲੇ 151 ਮਾਮਲਿਆਂ 'ਚ ਮੋਹਾਲੀ ਜ਼ਿਲੇ ਤੋਂ 48, ਐੱਸ.ਬੀ.ਐੱਸ. ਨਗਰ ਤੋਂ 19, ਪਠਾਨਕੋਟ ਤੋਂ 15, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 12, ਮਾਨਸਾ ਅਤੇ ਅੰਮ੍ਰਿਤਸਰ ਜ਼ਿਲੇ ਤੋਂ 11-11, ਲੁਧਿਆਣਾ ਜ਼ਿਲੇ ਤੋਂ 10, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਜ਼ਿਲੇ ਤੋਂ 2-2, ਪਟਿਆਲਾ, ਕਪੂਰਥਲਾ ਅਤੇ ਮੁਕਤਸਰ ਜ਼ਿਲੇ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤੱਕ 20 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 11 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸ਼ੁੱਕਰਵਾਰ ਤੱਕ ਕੁਲ 3461 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 151 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 2972 ਦੀ ਰਿਪੋਰਟ ਨੈਗੇਟਿਵ ਆਈ ਹੈ। 338 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ : ਕੋਰੋਨਾ ''ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ ''ਚ ਕੋਵਿਡ-19 ਪੀਕ ''ਤੇ ਹੋਵੇਗਾ


Gurminder Singh

Content Editor

Related News