ਰਾਹਤ ਭਰੀ ਖਬਰ, 22 ਦਿਨਾਂ ਬਾਅਦ ਕੋਰੋਨਾ ਨੂੰ ਹਰਾ ਠੀਕ ਹੋਈ 72 ਸਾਲਾ ਬੇਬੇ

04/24/2020 9:34:46 PM

ਲੁਧਿਆਣਾ (ਰਾਜ) : ਕੋਰੋਨਾ ਫੈਲਣ ਤੋਂ ਬਾਅਦ ਜ਼ਿਆਦਾਤਰ ਕੇਸ ਅਜਿਹੇ ਸਨ, ਜਿਸ ਵਿਚ ਕੋਰੋਨਾ ਨੇ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਕਿਹਾ ਜਾ ਰਿਹਾ ਸੀ ਕਿ ਬਜ਼ੁਰਗਾਂ ਦੀ ਇਮੀਊਨਿਟੀ ਘੱਟ ਹੋਣ ਕਾਰਨ ਕੋਰੋਨਾ ਵਾਇਰਸ ਉਨ੍ਹਾਂ ਦੇ ਸਰੀਰ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਪਰ ਲੁਧਿਆਣਾ ਦੀ ਇਕ 72 ਸਾਲਾ ਬਜ਼ੁਰਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਵਾਇਰਸ ਉਨ੍ਹਾਂ ਦੀ ਇੱਛਾ ਸ਼ਕਤੀ ਤੋਂ ਵੱਡਾ ਨਹੀਂ ਹੈ ਅਤੇ ਸੁਰਿੰਦਰ ਕੌਰ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਸਿਵਲ ਹਸਪਾਤਲ ਦੇ ਆਈਸੋਲੇਸ਼ਨ ਵਾਰਡ ਵਾਰਡ ਵਿਚ ਦਾਖਲ ਅਮਰਪੁਰਾ ਦੀ ਸੁਰਿੰਦਰ ਕੌਰ 22 ਦਿਨਾਂ ਦੇ ਇਲਾਜ ਤੋਂ ਬਾਅਦ ਹੁਣ ਬਿਲਕੁਲ ਠੀਕ ਹੈ। ਉਸ ਦੇ ਦੋ ਦਿਨ ਹੋਏ ਲਗਾਤਾਰ ਟੈਸਟ ਨੈਗੇਟਿਵ ਪਾਏ ਗਏ ਹਨ।

ਅਸਲ ਵਿਚ, ਅਮਰਪੁਰਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਨੂੰ 1 ਮਾਰਚ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ। ਉਹ ਅਮਰਪੁਰਾ ਦੀ ਕੋਰੋਨਾ ਪੀੜਤ ਔਰਤ ਪੂਜਾ ਦੀ ਗੁਆਂਢਣ ਸੀ, ਜਿਸ ਨੇ ਬਾਅਦ ਵਿਚ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ ਸੁਰਿੰਦਰ ਕੌਰ ਦੇ ਪਰਿਵਾਰ ਦੇ 10 ਮੈਂਬਰਾਂ ਨੂੰ ਹੋਮ ਕੁਅਰੰਟਾਈਨ ਕੀਤਾ ਗਿਆ ਸੀ। ਹਾਲਾਂਕਿ ਸਾਰਿਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। 22 ਦਿਨਾਂ ਤੱਕ ਸੁਰਿੰਦਰ ਕੌਰ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲਿਆ। ਹੁਣ ਉਨ੍ਹਾਂ ਦੇ ਟੈਸਟ ਕੀਤੇ ਗਏ ਤਾਂ ਉਨ੍ਹਾਂ ਦੇ ਦੋਵੇਂ ਟੈਸਟ ਨੈਗੇਟਿਵ ਪਾਏ ਗਏ। ਇਸ ਤੋਂ ਬਾਅਦ ਵੀਰਵਾਰ ਨੂੰ ਸੁਰਿੰਦਰ ਕੌਰ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ।

ਛੁੱਟੀ ਮਿਲਣ 'ਤੇ ਔਰਤ ਦੇ ਪਰਿਵਾਰ ਵਾਲੇ ਵੀ ਆਏ ਹੋਏ ਸਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਡਾ. ਗੀਤਾ ਕਟਾਰੀਆ ਦੇ ਨਾਲ ਹੋਰ ਡਾਕਟਰ ਅਤੇ ਨਰਸ ਸਟਾਫ ਮੌਜੂਦ ਸੀ। ਸੁਰਿੰਦਰ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਾਰੇ ਡਾਕਟਰ ਅਤੇ ਸਟਾਫ ਦਾ ਧੰਨਵਾਦ ਵੀ ਕੀਤਾ। ਗੌਰ ਰਹੇ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੋਰਾਹਾ ਦੇ ਪਿੰਡ ਰਾਜਗੜ੍ਹ ਦੇ ਤਬਲੀਗੀ ਜਮਾਤ ਦੇ ਲਿਆਕਤ ਅਲੀ ਨੂੰ ਛੁੱਟੀ ਮਿਲੀ ਸੀ ਅਤੇ ਬੁੱਧਵਾਰ ਨੂੰ ਚੌਕੀਮਾਨ ਦੇ ਅਲੀ ਹੁਸੈਨ ਨੂੰ ਵੀ ਛੁੱਟੀ ਮਿਲ ਗਈ ਸੀ ਕਿਉਂਕਿ ਉਨ੍ਹਾਂ ਦੀ ਵੀ ਰਿਪੋਰਟ ਨੈਗੇਟਿਵ ਪਾਈ ਗਈ ਸੀ।


Gurminder Singh

Content Editor

Related News