ਚੰਡੀਗੜ੍ਹ ''ਚ 1 ਫਰਵਰੀ ਤੋਂ 15 ਤੋਂ 18 ਸਾਲਾਂ ਦੇ ਬੱਚਿਆਂ ਨੂੰ ਲੱਗੇਗੀ ਦੂਜੀ ਡੋਜ਼

01/31/2022 11:00:05 AM

ਚੰਡੀਗੜ੍ਹ (ਪਾਲ) : ਸ਼ਹਿਰ ’ਚ 18 ਸਾਲਾਂ ਤੋਂ ਉੱਪਰ ਦੇ ਲੋਕਾਂ ਦੇ ਦੂਜੀ ਡੋਜ਼ ਦੀ ਵੈਕਸੀਨੇਸ਼ਨ ਲਗਵਾਉਣ ਤੋਂ ਬਾਅਦ ਸਿਹਤ ਵਿਭਾਗ ਛੇਤੀ ਤੋਂ ਛੇਤੀ 15 ਤੋਂ 18 ਸਾਲਾਂ ਦੇ ਬੱਚਿਆਂ ਦੇ ਟੀਕਾਕਰਨ ਦਾ ਟੀਚਾ ਹਾਸਲ ਕਰਨ ਦੀ ਤਿਆਰੀ ਕਰ ਰਿਹਾ ਹੈ, ਇਸ ਲਈ ਲਗਾਤਾਰ ਵੈਕਸੀਨੇਸ਼ਨ ਸੈਂਟਰ ਵੀ ਵਧਾਏ ਗਏ ਹਨ। ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਸਿੰਘ ਦੀ ਮੰਨੀਏ ਤਾਂ ਬੱਚੇ ਵੈਕਸੀਨ ਸਬੰਧੀ ਪਹਿਲਾਂ ਹੀ ਕਾਫ਼ੀ ਜਾਗਰੂਕ ਹਨ। 3 ਜਨਵਰੀ ਤੋਂ ਸ਼ਹਿਰ ’ਚ ਇਸ ਉਮਰ ਗਰੁੱਪ ਦੀ ਵੈਕਸੀਨੇਸ਼ਨ ਸ਼ੁਰੂ ਹੋਈ ਸੀ, ਪਹਿਲੇ ਦਿਨ ਤੋਂ ਹੀ ਉਮੀਦ ਤੋਂ ਚੰਗਾ ਹੁੰਗਾਰਾ ਉਨ੍ਹਾਂ ਨੂੰ ਮਿਲਿਆ ਹੈ। ਐਤਵਾਰ 330 ਬੱਚਿਆਂ ਨੂੰ ਵੈਕਸੀਨ ਲੱਗੀ, ਜਦੋਂ ਕਿ ਹੁਣ ਤੱਕ 72.79 ਫ਼ੀਸਦੀ ਬੱਚਿਆਂ ਨੂੰ ਕਵਰ ਕੀਤਾ ਜਾ ਚੁੱਕਿਆ ਹੈ।

ਸਿਹਤ ਵਿਭਾਗ ਹਸਪਤਾਲ ਅਤੇ ਡਿਸਪੈਂਸਰੀ ਦੇ ਨਾਲ ਹੀ ਸਕੂਲਾਂ ’ਚ ਵੀ ਇਨ੍ਹਾਂ ਬੱਚਿਆਂ ਲਈ ਸਪੈਸ਼ਲ ਕੈਂਪ ਲਾ ਰਿਹਾ ਹੈ, ਤਾਂ ਕਿ ਟੀਚੇ ਨੂੰ ਛੇਤੀ ਹਾਸਲ ਕਰ ਲਿਆ ਜਾਵੇ। ਹੁਣ ਜਦੋਂ ਕਿ ਪਹਿਲੀ ਡੋਜ਼ ਨੂੰ ਇਕ ਮਹੀਨਾ ਹੋਣ ਵਾਲਾ ਹੈ, ਅਜਿਹੇ ’ਚ ਕਈ ਬੱਚੇ ਦੂਜ਼ੀ ਡੋਜ਼ ਲਈ ਵੀ ਯੋਗ ਹੋ ਗਏ ਹਨ, ਉਨ੍ਹਾਂ ਨੂੰ ਵੇਖਦਿਆਂ 1 ਫਰਵਰੀ ਤੋਂ ਇਨ੍ਹਾਂ ਬੱਚਿਆਂ ਦੇ ਦੂਜੀ ਡੋਜ਼ ਵੀ ਲੱਗਣੀ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਵੇਖਦਿਆਂ 1 ਫਰਵਰੀ ਤੋਂ 11 ਹੋਰ ਸਕੂਲਾਂ ’ਚ ਇਸ ਉਮਰ ਗਰੁੱਪ ਨੂੰ ਜੋੜਿਆ ਜਾ ਰਿਹਾ ਹੈ, ਜਿੱਥੇ ਇਨ੍ਹਾਂ ਬੱਚਿਆਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲੱਗਣੀ ਸ਼ੁਰੂ ਹੋਵੇਗੀ। ਸਿਹਤ ਵਿਭਾਗ ਮੁਤਾਬਿਕ ਜਿਹੜੇ ਸਕੂਲਾਂ ਨੂੰ ਦੂਜੀ ਡੋਜ਼ ਦੇਣ ਲਈ ਜੋੜਿਆ ਗਿਆ ਹੈ, ਉੱਥੋਂ ਦੇ ਪ੍ਰਿੰਸੀਪਲ ਖ਼ੁਦ ਬੱਚਿਆਂ ਦੇ ਵਟਸਐਪ ਤੱਕ ਇਸ ਦਾ ਮੈਸੇਜ ਪਹੁੰਚਾਉਣਗੇ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੂੰ ਦੂਜੀ ਡੋਜ਼ ਲੱਗਣੀ ਹੈ, ਉਹ ਆਪਣੇ ਨੇੜਲੇ ਸੈਂਟਰਾਂ ’ਤੇ ਜਾ ਕੇ ਛੇਤੀ ਤੋਂ ਛੇਤੀ ਵੈਕਸੀਨ ਲਵਾਉਣ।
100.43 ਫ਼ੀਸਦੀ ਪੰਹੁਚਿਆ ਦੂਜੀ ਡੋਜ਼ ਦਾ ਗ੍ਰਾਫ਼
ਸਿਹਤ ਵਿਭਾਗ ਨੇ 18 ਸਾਲਾਂ ਤੋਂ ਉੱਪਰ ਦੇ ਲੋਕਾਂ ਦਾ ਟੀਚਾ 26 ਜਨਵਰੀ ਤੋਂ ਪਹਿਲਾਂ ਹਾਸਲ ਕਰ ਲਿਆ ਸੀ। ਐਤਵਾਰ ਤਕ ਦੂਜੀ ਡੋਜ਼ ਦਾ ਵੈਕਸੀਨੇਸ਼ਨ ਗ੍ਰਾਫ਼ 100.43 ਫ਼ੀਸਦੀ ਰਿਕਾਰਡ ਹੋਇਆ। ਸਿਹਤ ਵਿਭਾਗ ਦੀ ਮੰਨੀਏ ਤਾਂ ਕੁੱਝ ਦਿਨਾਂ ’ਚ ਬੱਚਿਆਂ ਦੇ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਪਹਿਲੀ ਡੋਜ਼ ਦਾ ਵੈਕਸੀਨੇਸ਼ਨ ਗ੍ਰਾਫ਼ ਅਜੇ ਸ਼ਹਿਰ ’ਚ 127.31 ਫ਼ੀਸਦੀ ਹੈ। 15 ਤੋਂ 18 ਸਾਲਾਂ ਦੇ ਬੱਚਿਆਂ ਦੀ ਕੁੱਲ ਗਿਣਤੀ ਸ਼ਹਿਰ ’ਚ 72000 ਹੈ। ਇਕ ਹਫ਼ਤੇ ਤੋਂ ਸ਼ਹਿਰ ’ਚ 306 ਐਵਰੇਜ ਬੱਚਿਆਂ ਨੂੰ ਵੈਕਸੀਨ ਲਾਈ ਜਾ ਰਹੀ ਹੈ।


Babita

Content Editor

Related News