ਹਸਪਤਾਲ ''ਚ ਘੁੰਮਦਾ ਰਿਹਾ ਭਰਤੀ ਹੋਣ ਆਇਆ ਕੋਰੋਨਾ ਪਾਜ਼ੇਟਿਵ ਮਰੀਜ਼

05/12/2020 8:17:56 PM

ਜਲਾਲਾਬਾਦ, (ਸੇਤੀਆ, ਸੁਮਿਤ, ਟੀਨੂੰ, ਨਿਖੰਜ, ਜਤਿੰਦਰ)— ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਸੋਮਵਾਰ ਦੇਰ ਰਾਤ ਉਸ ਸਮੇਂ ਇਕ ਵੱਡੀ ਅਣਗਹਿਲੀ ਸਾਹਮਣੇ ਆਈ ਜਦੋਂ ਅਬੋਹਰ ਪ੍ਰਸ਼ਾਸਨ ਵੱਲੋਂ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਜਲਾਲਾਬਾਦ ਦੇ ਹਸਪਤਾਲ 'ਚ ਸ਼ਿਫਟ ਕਰਨ ਲਈ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਪਰ ਮੌਕੇ 'ਤੇ ਉਸਨੂੰ ਸਟਾਫ ਵੱਲੋਂ ਆਈਸੋਲੇਸ਼ਨ ਵਾਰਡ 'ਚ ਭਰਤੀ ਨਾ ਕੀਤੇ ਜਾਣ ਉਹ ਕਰੀਬ 30-40 ਮਿੰਟ ਤਕ ਹਸਪਤਾਲ ਦੇ ਵਿਹੜੇ 'ਚ ਘੁੰਮਦਾ ਰਿਹਾ। ਹਾਲਾਂਕਿ ਬਾਅਦ 'ਚ ਮਾਮਲਾ ਮੀਡੀਆ ਦੇ ਧਿਆਨ 'ਚ ਆਉਣ ਤੋਂ ਬਾਅਦ ਉਕਤ ਮਰੀਜ਼ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕਰ ਲਿਆ ਗਿਆ ਪਰ ਇਸ ਅਣਗਹਿਲੀ ਕਾਰਣ ਕਿਧਰੇ ਨਾ ਕਿਧਰੇ ਸਿਹਤ ਵਿਭਾਗ ਤੇ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਡਿਊਟੀ ਕਰ ਰਹੇ ਸਬੰਧਤ ਅਧਿਕਾਰੀਆਂ 'ਤੇ ਵੀ ਸਵਾਲ ਖੜ੍ਹੇ ਹੋ ਹੇ ਹਨ।

ਜਾਣਕਾਰੀ ਅਨੁਸਾਰ ਅਬੋਹਰ ਪ੍ਰਸ਼ਾਸਨ ਵੱਲੋਂ ਮਹਾਂਰਾਜਾ ਅਗਰਸੇਨ ਆਈ.ਟੀ.ਆਈ. ਆਲਮਗੜ੍ਹ 'ਚ ਕੁਆਰੰਟੀਨ 39 ਸਾਲਾ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਜਿਸਦਾ ਸੈਂਪਲ 6 ਮਈ ਨੂੰ ਭੇਜਿਆ ਗਿਆ ਸੀ ਅਤੇ ਪ੍ਰਸ਼ਾਸਨਿਕ ਹੁਕਮਾਂ ਅਧੀਨ 11 ਮਈ ਦੀ ਰਾਤ ਕਰੀਬ 10.30 ਵਜੇ ਉਸਨੂੰ ਜਲਾਲਾਬਾਦ ਦੇ ਹਸਪਤਾਲ 'ਚ ਬਣੇ ਆਈਸੋਲੇਸ਼ਨ ਵਾਰਡ ਭਰਤੀ ਕਰਨ ਲਈ ਲਿਆਂਦਾ ਗਿਆ ਪਰ ਮੌਕੇ 'ਤੇ ਆਈਸੋਲੇਸ਼ਨ ਵਾਰਡ 'ਚ ਸਟਾਫ ਵੱਲੋਂ ਕੋਰੋਨਾ ਪਾਜ਼ੇਟਿਵ ਮਰੀਜ਼ ਵਾਰਡ 'ਚ ਦਾਖਲ ਨਾ ਕੀਤੇ ਜਾਣ ਤੋਂ ਬਾਅਦ ਉਹ ਕੁਝ ਦੇਰ ਤਕ ਉਥੇ ਘੁੰਮਦਾ ਰਿਹਾ ਹੈ। ਇਹ ਹੀ ਨਹੀਂ ਬੀਤੀ ਰਾਤ ਜਦ ਅਣਪਛਾਤੇ ਹਮਲੇ 'ਚ ਜ਼ਖਮੀ ਹੋਏ ਦੋ ਪੁਲਸ ਮੁਲਾਜ਼ਮਾਂ ਨੂੰ ਜਲਾਲਾਬਾਦ ਦੇ ਹਸਪਤਾਲ 'ਚ ਲਿਆਂਦਾ ਗਿਆ, ਤਾਂ ਇਸ ਦੌਰਾਨ ਵੱਡੀ ਗਿਣਤੀ 'ਚ ਪੁਲਸ ਦੇ ਅਧਿਕਾਰੀ ਅਤੇ ਹੋਰ ਕਰਮਚਾਰੀ ਵੀ ਮੌਕੇ 'ਤੇ ਪੁੱਜੇ ਸਨ ਪਰ ਇਸ ਦੌਰਾਨ ਮੀਡੀਆ ਨੂੰ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਹਸਪਤਾਲ 'ਚ ਘੁੰਮਣ ਬਾਰੇ ਪਤਾ ਲੱਗਿਆ।

ਉਸ ਸਬੰਧੀ ਮੀਡੀਆ ਨੇ ਸਬੰਧਤ ਐਂਬੂਲੈਂਸ ਦੇ ਡਰਾਇਵਰ ਸੁਖਵਿੰਦਰ ਸਿੰਘ ਕੋਲੋਂ ਜਾਣਕਾਰੀ ਲਈ ਤਾਂ ਉਸਨੇ ਦੱਸਿਆ ਕਿ ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਉਹ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਇਥੇ ਛੱਡਣ ਆਇਆ ਹੈ ਪਰ ਇਥੇ ਹਸਪਤਾਲ ਸਟਾਫ ਵੱਲੋਂ ਉਸਨੂੰ ਆਈਸੋਲੇਸ਼ਨ ਵਾਰਡ 'ਚ ਨਹੀਂ ਭੇਜਿਆ। ਉਧਰ ਦੂਜੇ ਪਾਸੇ ਕੋਰੋਨਾ ਪਾਜ਼ੇਟਿਵ ਮਰੀਜ਼ ਨਾਲ ਵੀ ਪੂਰੀ ਦੂਰੀ ਬਣਾ ਕੇ ਜਾਣਕਾਰੀ ਲਈ ਗਈ, ਤਾਂ ਉਸਨੇ ਕਿਹਾ ਕਿ ਅਬੋਹਰ ਤੋਂ ਐਂਬੂਲੈਂਸ ਰਾਹੀਂ ਇਥੇ ਲਿਆਂਦਾ ਗਿਆ ਹੈ ਪਰ ਇਥੇ ਉਸਨੂੰ ਕਾਫੀ ਸਮਾਂ ਘੁੰਮਦਿਆਂ ਹੋ ਚੁੱਕਿਆ ਹੈ ਪਰ ਉਸਨੂੰ ਅਜੇ ਤਕ ਨਹੀਂ ਸੰਭਾਲਿਆ ਗਿਆ ਹੈ। ਉਧਰ ਮੀਡੀਆ ਵੱਲੋਂ ਮਾਮਲਾ ਧਿਆਨ 'ਚ ਲਿਆਂਦੇ ਜਾਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਇਕ ਵਾਰ ਐਂਬੂਲੈਂਸ 'ਚ ਬਿਠਾ ਦਿੱਤਾ ਗਿਆ। ਬਾਅਦ 'ਚ ਫਿਰ ਉਸਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ।

ਕੀ ਕਹਿਣਾ ਹੈ ਕਿ ਸਿਵਲ ਸਰਜਨ ਦਾ
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਹਰਚੰਦ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਕੋਈ ਵੀ ਕੁਝ ਘਾਟ ਰਹਿ ਗਈ ਹੈ ਤਾਂ ਭਵਿੱਖ 'ਚ ਸੁਧਾਰਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਨਾਲ ਹੀ ਉਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਦੀ ਵੀ ਗੱਲ ਕਹੀ। ਇਸ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸੰਧੂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਜਾਣਕਾਰੀ ਲੈਣ ਤੋਂ ਬਾਅਦ ਤੁਰੰਤ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਦੀ ਗੱਲ ਕਹੀ।
ਭਾਵੇਂ ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਹੋਣ ਆਏ ਕੋਰੋਨਾ ਪਾਜ਼ੇਟਿਵ ਮਰੀਜ ਨੂੰ ਕੁੱਝ ਸਮੇਂ ਬਾਅਦ ਸਟਾਫ ਵੱਲੋਂ ਦਾਖਲ ਕਰ ਲਿਆ ਗਿਆ ਪਰ ਸਿਹਤ ਵਿਭਾਗ ਅਤੇ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਸਟਾਫ ਵਿਚਾਲੇ ਤਾਲਮੇਲ ਦੀ ਘਾਟ ਜਲਾਲਾਬਾਦ 'ਚ ਕੋਰੋਨਾ ਵਾਇਰਸ ਦਾ ਖਤਰਾ ਵੱਧ ਸਕਦਾ ਹੈ।

 


KamalJeet Singh

Content Editor

Related News