ਜੀ. ਐੱਨ. ਡੀ. ਐੱਚ. ਅੰਮ੍ਰਿਤਸਰ ''ਚ ਖੂਨ ਦੇ ਅੱਥਰੂ ਰੋ ਰਹੇ ਹਨ ਕੋਰੋਨਾ ਦੇ ਮਰੀਜ਼
Wednesday, Apr 08, 2020 - 05:30 PM (IST)
ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਕੋਰੋਨਾ ਦੇ ਮਰੀਜ਼ਾਂ ਦੇ ਸਰਕਾਰੀ ਹਸਪਤਾਲ 'ਚ ਇਲਾਜ ਨੂੰ ਲੈ ਕੇ ਬਿਲਕੁਲ ਗੰਭੀਰ ਨਹੀਂ ਹੈ। ਗੁਰੂ ਨਾਨਕ ਦੇਵ ਹਸਪਤਾਲ (ਜੀ. ਐੱਨ. ਡੀ. ਐੱਚ.) 'ਚ ਬਣਾਏ ਆਈਸੋਲੇਸ਼ਨ ਵਾਰਡ 'ਚ ਢੁੱਕਵੀਆਂ ਸਿਹਤ ਸਹੂਲਤਾਂ ਨਾ ਮਿਲਣ ਕਾਰਣ ਮਰੀਜ਼ ਖੂਨ ਦੇ ਹੰਝੂ ਰੋ ਰਹੇ ਹਨ। ਵਾਰਡ 'ਚ ਨਾ ਤਾਂ ਸਾਫ਼-ਸਫ਼ਾਈ ਦੇ ਪ੍ਰਬੰਧ ਹਨ ਅਤੇ ਨਾ ਹੀ ਦਾਖਲ ਮਰੀਜ਼ਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਮਰੀਜ਼ਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਉਨ੍ਹਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਜਾਵੇ, ਨਹੀਂ ਤਾਂ ਸਿਹਤ ਸਹੂਲਤਾਂ ਦੀ ਘਾਟ ਕਾਰਣ ਉਹ ਸਰਕਾਰੀ ਹਸਪਤਾਲਾਂ 'ਚ ਮੌਤ ਦਾ ਸ਼ਿਕਾਰ ਹੋ ਜਾਣਗੇ।
ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਖੋਲ੍ਹੀ ਪੋਲ
ਆਈਸੋਲੇਸ਼ਨ ਵਾਰਡ 'ਚ ਦਾਖਲ ਮਰੀਜ਼ਾਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹੀ, ਉਥੇ ਹੀ ਵੀਡੀਓ ਅਤੇ ਫੋਟੋਆਂ ਭੇਜ ਕੇ ਕਈ ਗੰਭੀਰ ਦੋਸ਼ ਲਾ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਦੇ ਮਰੀਜ਼ਾਂ ਦਾ ਚੰਗਾ ਇਲਾਜ ਕਰਨ ਦੇ ਨਿੱਤ ਦਾਅਵੇ ਕੀਤੇ ਜਾਂਦੇ ਹਨ, ਜਦਕਿ ਸਰਕਾਰ ਦੇ ਇਹ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ। ਗੁਰੂ ਨਾਨਕ ਦੇਵ ਹਸਪਤਾਲ 'ਚ ਬਣਾਏ ਆਈਸੋਲੇਸ਼ਨ ਵਾਰਡ 'ਚ ਦਾਖਲ ਮਰੀਜ਼ ਚੰਗੇ ਪ੍ਰਬੰਧ ਨਾ ਹੋਣ ਕਾਰਣ ਕਾਫ਼ੀ ਚਿੰਤਤ ਹਨ।
ਇਹ ਵੀ ਪੜ੍ਹੋ ► ਤਬਲੀਗੀ ਜਮਾਤ ਦੇ ਗਾਇਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 24 ਘੰਟਿਆਂ ਦਾ ਅਲਟੀਮੇਟਮ
ਮਰੀਜ਼ ਨੇ ਦੱਸੀ ਆਪਬੀਤੀ
ਹਸਪਤਾਲ 'ਚ ਦਾਖਲ ਇਕ ਮਰੀਜ਼ ਨੇ ਦੱਸਿਆ ਕਿ ਵਾਰਡ 'ਚ ਕਦੇ ਵੀ ਕੋਈ ਸੀਨੀਅਰ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਨ ਲਈ ਨਹੀਂ ਆਇਆ। ਜੂਨੀਅਰ ਡਾਕਟਰ ਹੀ ਕਮਰੇ ਦੇ ਅੰਦਰ ਨਾ ਆ ਕੇ ਬਾਹਰ ਗੈਲਰੀ 'ਚ ਖੜ੍ਹੇ ਹੋ ਕੇ ਹੀ ਪੁੱਛ-ਪੜਤਾਲ ਕਰ ਕੇ ਚਲੇ ਜਾਂਦੇ ਹਨ। ਜਦੋਂ ਕੋਈ ਮਰੀਜ਼ ਉਨ੍ਹਾਂ ਦੇ ਨੇੜੇ ਜਾ ਕੇ ਆਪਣੀ ਹੱਡਬੀਤੀ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਨੂੰ ਬੁਰੀ ਤਰ੍ਹਾਂ ਦੁਰਕਾਰ ਦਿੰਦੇ ਹਨ।
ਮਰੀਜ਼ ਅਨੁਸਾਰ ਬੀਤੇ ਦਿਨ ਇਕ ਬਜ਼ੁਰਗ ਬੈੱਡ ਤੋਂ ਡਿੱਗ ਗਿਆ ਅਤੇ ਦੁਬਾਰਾ ਬੈੱਡ 'ਤੇ ਜਾਣ ਲਈ ਵਾਰਡ ਦੇ ਸਟਾਫ ਨੂੰ ਤਰਲੇ ਪਾਉਂਦਾ ਰਿਹਾ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਬਾਅਦ 'ਚ ਉਸ ਦੇ ਨੇੜੇ ਦਾਖਲ ਮਰੀਜ਼ਾਂ ਨੇ ਬਜ਼ੁਰਗ ਨੂੰ ਚੁੱਕ ਕੇ ਬੈੱਡ 'ਤੇ ਲਿਟਾਇਆ। ਮਰੀਜ਼ਾਂ ਨੇ ਦੱਸਿਆ ਵਾਰਡ 'ਚ ਬੈੱਡਸ਼ੀਟ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ, ਜਿਸ ਨੂੰ ਉਹ ਖੁਦ ਵਿਛਾਉਂਦੇ ਹਨ। ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ, ਬਾਥਰੂਮਾਂ ਦਾ ਬੁਰਾ ਹਾਲ ਹੈ, ਹਰ ਪਾਸੇ ਗੰਦਗੀ ਹੋਣ ਕਰ ਕੇ ਰਾਤ ਨੂੰ ਮੱਛਰ ਭਿਨਭਿਨਾਉਂਦੇ ਰਹਿੰਦੇ ਹਨ। ਇਕ ਮਰੀਜ਼ ਵੱਲੋਂ ਆਈਸੋਲੇਸ਼ਨ ਵਾਰਡ 'ਚ ਦਾਖਲ ਇਕ ਬਜ਼ੁਰਗ ਦੀ ਵੀਡੀਓ 'ਜਗ ਬਾਣੀ' ਨੂੰ ਭੇਜੀ ਗਈ ਹੈ, ਜਿਸ ਵਿਚ ਦੇਖਿਆ ਗਿਆ ਕਿ ਬਜ਼ੁਰਗ ਨੂੰ ਸਾਹ ਲੈਣ 'ਚ ਭਾਰੀ ਦਿੱਕਤ ਆ ਰਹੀ ਹੈ ਅਤੇ ਉਹ ਸਟਾਫ ਨੂੰ ਆਕਸੀਜਨ ਲਾਉਣ ਦੇ ਤਰਲੇ ਪਾ ਰਿਹਾ ਹੈ ਪਰ ਬਜ਼ੁਰਗ ਅਨੁਸਾਰ ਉਸ ਦੀ ਸਾਰ ਲੈਣ ਕੋਈ ਨਹੀਂ ਆ ਰਿਹਾ।
ਇਹ ਵੀ ਪੜ੍ਹੋ ► ਅੰਮ੍ਰਿਤਸਰ : ਕੋਰੋਨਾ ਨੇ ਮਾਰੀ ਇਨਸਾਨੀਅਤ, ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ
ਸਰਕਾਰ ਦੀ ਨਾਲਾਇਕੀ ਕਾਰਣ ਮਰੀਜ਼ ਖੂਨ ਦੇ ਹੰਝੂ ਰੋ ਰਹੇ ਨੇ
ਮਰੀਜ਼ਾਂ ਨੇ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਖਰਚ ਕਰ ਕੇ ਇਸ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਅਸਲ 'ਚ ਮਰੀਜ਼ ਸਰਕਾਰ ਦੀ ਨਾਲਾਇਕੀ ਕਾਰਣ ਖੂਨ ਦੇ ਹੰਝੂ ਰੋ ਰਹੇ ਹਨ। ਸਰਕਾਰ ਨੇ ਜੇਕਰ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅੰਮ੍ਰਿਤਸਰ 'ਚ ਮੌਤ ਦਰ ਹੋਰ ਵੱਧ ਸਕਦੀ ਹੈ।
ਉਧਰ ਦੂਸਰੇ ਪਾਸੇ ਹਸਪਤਾਲ ਦੇ ਇਕ ਦਰਜਾ-4 ਮੁਲਾਜ਼ਮ ਨੇ ਦੱਸਿਆ ਕਿ ਉਸ ਦੀ ਵੀ ਆਈਸੋਲੇਸ਼ਨ ਵਾਰਡ 'ਚ ਡਿਊਟੀ ਹੈ। ਵਾਰਡ ਦਾ ਸਟਾਫ ਖੁਦ ਤਾਂ ਪੀ. ਪੀ. ਈ. ਕਿੱਟ ਪਹਿਨ ਕੇ ਰੱਖਦਾ ਹੈ, ਜਦਕਿ ਉਨ੍ਹਾਂ ਨੂੰ ਨਾ ਤਾਂ ਦਸਤਾਨੇ ਅਤੇ ਨਾ ਹੀ ਕਿੱਟ ਮੁਹੱਈਆ ਕਰਵਾਈ ਜਾਂਦੀ ਹੈ। ਇਕ ਹੱਥ 'ਚ ਦਸਤਾਨਾ ਪਾ ਕੇ ਉਹ ਵਾਰਡ 'ਚ ਦਾਖਲ ਮਰੀਜ਼ਾਂ ਨੂੰ ਖਾਣਾ ਆਦਿ ਮੁਹੱਈਆ ਕਰਵਾਉਣ ਜਾਂਦੇ ਹਨ। ਪਤਾ ਲੱਗਾ ਹੈ ਕਿ ਕੋਰੋਨਾ ਨਾਲ ਮਰੇ ਨਵਾਂਸ਼ਹਿਰ ਦੇ ਹਰਭਜਨ ਸਿੰਘ ਦੀ ਜੇਬ 'ਚੋਂ ਇਕ ਮੋਬਾਇਲ ਅਤੇ 1200 ਤੋਂ ਵੱਧ ਰੁਪਏ ਮਿਲੇ ਸਨ, ਜੋ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ ਪਰ ਵਾਰਡ ਦੇ ਇਕ ਸਟਾਫ ਮੈਂਬਰ ਵੱਲੋਂ ਉਸ ਨੂੰ ਨਸ਼ਟ ਕਰਨ ਜਾਂ ਉੱਚ ਅਧਿਕਾਰੀਆਂ ਨੂੰ ਦੱਸਣ ਦੀ ਬਜਾਏ ਦਰਜਾ-4 ਕਰਮਚਾਰੀ ਨੂੰ ਘਰ ਲਿਜਾਣ ਲਈ ਕਹਿ ਦਿੱਤਾ ਗਿਆ। ਇਹ ਉਹੀ ਮੋਬਾਇਲ ਸੀ, ਜਿਸ ਤੋਂ ਹਰਭਜਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਾ ਹੁੰਦਾ ਸੀ। ਢਿੱਲੇ ਪ੍ਰਬੰਧਾਂ ਕਰ ਕੇ ਮੋਬਾਇਲ ਜ਼ਰੀਏ ਕੋਰੋਨਾ ਵਾਇਰਸ ਕਈਆਂ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ।
ਇਸ ਸਬੰਧੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨਾਲ ਕਈ ਵਾਰ ਫੋਨ 'ਤੇ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ : ਆਖਰ ਮੌਤ ਤੋਂ ਬਾਅਦ ਸਸਕਾਰ ਦਾ ਡਰ ਕਿਉਂ? ► ਸਪੇਨ 'ਚ ਰਹਿੰਦੇ ਭਾਰਤੀਆਂ ਲਈ ਅੰਬੈਸੀ ਵਲੋਂ ਵੱਡੀ ਰਾਹਤ ਦਾ ਐਲਾਨ
ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 101 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਇਸ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ 'ਚ 10, ਪਟਿਆਲਾ, ਫਰੀਦਕੋਟ 2, ਬਰਨਾਲਾ, ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਰੋਪੜ 'ਚ ਕੋਰੋਨਾ ਦੇ 03, ਮਾਨਸਾ 'ਚ 05, ਪਠਾਨਕੋਟ 'ਚ 07, ਫਤਿਹਗੜ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।