ਕੋਰੋਨਾ ਦੇ ਦੌਰ ਦੀਆਂ ਸਾਹਿਤਕ ਸੰਭਾਵਨਾਵਾਂ

5/11/2020 2:46:40 PM

ਅਜੋਕੇ ਸਮੇਂ ਵਿਚ ਕੋਰੋਨਾ ਵਾਇਰਸ ਵਲੋਂ ਸਾਰੇ ਵਿਸ਼ਵ ਵਿਚ ਮਚਾਈ ਤਬਾਹੀ ਨੂੰ ਤਸੱਵਰ ਕਰਦਿਆਂ ਸਾਹਿਰ ਲੁਧਿਆਣਵੀ ਦੀਆਂ ਇਨ੍ਹਾਂ ਸਤਰਾਂ ਵੱਲ ਧਿਆਨ ਮੱਲੋ ਮੱਲੀ ਚਲਾ ਗਿਆ:

"ਕੱਲ੍ਹ ਜਹਾਂ ਬਸੀ ਦੀ ਖੁਸ਼ੀਆਂ,
ਆਜ ਹੈ ਮਾਤਮ ਵਹਾਂ,
ਵਕਤ ਲਾਇਆ ਥਾ ਬਹਾਰੇਂ,
ਵਕਤ ਲਾਇਆ ਹੈ ਖਿਜਾਂ।"

ਅੱਜ ਉਹ ਵਕਤ ਹੈ ਜਦ ਇਸ ਮਹਾਮਾਰੀ ਨੇ ਬਿਨਾਂ ਕੋਈ ਐਟਮ ਬੰਬ ਜਾਂ ਗੋਲੀ ਬਾਰੂਦ ਵਰਤੇ ਤੀਸਰੇ ਮਹਾਯੁੱਧ ਵਰਗੇ ਹਾਲਾਤ ਬਣਾ ਦਿੱਤੇ ਹਨ। ਗੋਲੀ ਬਾਰੂਦ ਜਾਂ ਐਟਮ ਬੰਬ ਚਲਾਇਆ ਵੀ ਕਿਸ ਤੇ ਜਾਵੇ? ਦੁਸ਼ਮਣ ਤਾਂ ਅਦ੍ਰਿਸ਼ ਹੈ ਅਤੇ ਘਾਤਕ ਵੀ। ਕਿਸੇ ਵਕਤ ਆਪਣੇ ਆਪ ਨੂੰ ਵਿਸ਼ਵ ਦੀ ਮਹਾਸ਼ਕਤੀ ਕਹਾਉਣ ਵਾਲੇ ਦੇਸ਼ ਅੱਜ ਗੋਡਿਆਂ ਭਾਰ ਨਜ਼ਰ ਆ ਰਹੇ ਨੇ।

ਅੱਜ ਚਾਰੇ ਪਾਸੇ ਡਰ ਅਤੇ ਸਹਿਮ ਦਾ ਵਾਤਾਵਰਣ ਉਸਰ ਰਿਹਾ ਹੈ, ਜਿਸ ਵਿਚ ਮਨੁੱਖ ਨਾ ਚਾਹੁੰਦੇ ਹੋਏ ਵੀ ਦੂਸਰੇ ਮਨੁੱਖ ਤੋਂ ਅਣਕਿਆਸਿਆ ਖਤਰਾ ਅਨੁਭਵ ਕਰ ਰਿਹਾ ਹੈ। ਜਿੱਥੇ ਸਮੁੱਚਾ ਵਿਸ਼ਵ ਇਸ ਮਹਾਮਾਰੀ ਦੇ ਮਾਰੂ ਪ੍ਰਭਾਵਾਂ ਨਾਲ ਜੂਝ ਰਿਹਾ ਹੈ, ਉੱਥੇ ਇਸ ਦੇ ਪ੍ਰਤੀ-ਪ੍ਰਭਾਵ ਸਾਰੇ ਸੰਸਾਰ ਦੀ ਆਰਥਿਕਤਾ ਦੀਆਂ ਜੜ੍ਹਾਂ ਨੂੰ ਖੋਖਲਾ ਬਣਾ ਰਹੇ ਹਨ ਤੇ ਪੂਰਾ ਵਿਸ਼ਵ ਇਕ ਵਾਰ ਫੇਰ 1930 ਵਰਗੀ ਮਹਾਂਮੰਦੀ ਦੇ ਟਰੈਪ ਵਿਚ ਫਸਦਾ ਨਜ਼ਰ ਆ ਰਿਹਾ ਹੈ। ਵਿਸ਼ਵ ਦੀਆਂ ਪ੍ਰਵਾਨਿਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਸੰਯੁਕਤ ਰਾਸ਼ਟਰੀ ਸੰਗਠਨ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਇਸ ਬਾਰੇ ਆਪਣੇ ਅੰਦਾਜ਼ੇ ਦੱਸਦੇ ਹੋਏ ਆਖਦੇ ਹਨ ਕਿ ਲਗਭਗ 50 ਫੀਸਦੀ ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਗਰੀਬਾਂ ਦੀ ਸੰਖਿਆ ਵਿਚ ਚੋਖਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਲਾਕਡਾਊਨ ਫਾਰਮੂਲੇ ਨਾਲ ਵਸਤਾਂ ਤੇ ਸੇਵਾਵਾਂ ਦੀ ਮੰਗ ਦੇ ਬਨਿਸਬਤ ਉਨ੍ਹਾਂ ਦੀ ਪੂਰਤੀ ਦੇ ਘਟਣ ਨਾਲ ਉਨ੍ਹਾਂ ਦੀਆਂ ਕੀਮਤਾਂ ਦੇ ਵਾਧੇ ਦੀ ਪ੍ਰਵਿਰਤੀ ਦੇਖਣ ਨੂੰ ਮਿਲ ਸਕਦੀ ਹੈ। ਅਰਥ ਸ਼ਾਸਤਰੀ ਤਾਂ ਕੁਝ ਦੇਸ਼ਾਂ ਦੇ ਸਕਲ ਘਰੇਲੂ ਉਤਪਾਦ ਦੇ ਵਾਧੇ ਦੀ ਦਰ ਮਨਫ਼ੀ ਵੀ ਦੱਸ ਰਹੇ ਹਨ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-7 : ‘ਰਾਜਧਾਨੀ ਐਕਸਪ੍ਰੈੱਸ ਦਾ ਯਾਦਗਾਰ ਸਫ਼ਰ’

ਪੜ੍ਹੋ ਇਹ ਵੀ ਖਬਰ - 11 ਮਈ ‘ਕੌਮੀ ਟਕਨਾਲੋਜੀ ਦਿਵਸ' : ਸ਼ਾਨਦਾਰ ਤਕਨੀਕੀ ਤਾਕਤ ਦੀ ਦਿਵਾਉਂਦਾ ਹੈ ਯਾਦ

ਪੂਰਾ ਵਿਸ਼ਵ ਇਕ ਸਦਮੇ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਸਦਮੇ ਦੇ ਸਾਲਾਂ ਸਬੰਧੀ ਨੈਓਮੀ ਕਲੇਨ ਦੀ ਪੁਸਤਕ ਦੀ ’ਸ਼ਾੱਕ ਡਾਕਟਰਾਈਨ: ਦ ਰਾਈਜ਼ ਆਫ ਡਿਜਾਸਟਰ ਕੈਪੀਟਲਿਜ਼ਮ’ (2007) ਅਨੁਸਾਰ ਸਦਮੇ ਦੇ ਅਜਿਹੇ ਦੌਰ ਵਿਚ ਧਨਾਢ ਮੁਲਕ ਛੋਟੇ ਮੁਲਕਾਂ ਨੂੰ ਅਤੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਬਹੁਰਾਸ਼ਟਰੀ ਕੰਪਨੀਆਂ ਆਪਣੇ ਮੁਨਾਫੇ ਲਈ ਸਾਧਾਰਨ ਲੋਕਾਂ ਨੂੰ ਲਤਾੜਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਸਦਮੇ ਦੀ ਦੋਹਰੀ ਮਾਰ ਸਹਿਣੀ ਪੈਂਦੀ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਤਾਂ ਇਹ ਸੰਕਟ ਹੋਰ ਵੀ ਗਹਿਰਾ ਹੋ ਨਿਬੜਦਾ ਹੈ।

ਕਿਸੇ ਸਮਾਜ ਦੀਆਂ ਆਰਥਿਕ ਹਾਲਤਾਂ ਵਿਚ ਆਏ ਪਰਿਵਰਤਨ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਉਪਰ ਆਪਣੀ ਗਹਿਰੀ ਛਾਪ ਛੱਡਦੇ ਹਨ। ਲੋਕਾਂ ਦਾ ਸਮਾਜਿਕ ਆਚਾਰ ਵਿਹਾਰ ਬਦਲ ਜਾਂਦਾ ਹੈ। ਅਜੋਕੇ ਸਮੇਂ ਵਿਚ ਅਪਣਾਈ ਜਾ ਰਹੀ ਸਮਾਜਿਕ ਦੂਰੀ ਅਤੇ ਆਪਸੀ ਮੇਲ ਮਿਲਾਪ ਤੋਂ ਸੰਕੋਚ ਦੇ ਨਿਯਮ ਲੋਕਾਂ ਦੀ ਦਿਨ ਚਰਿਆ ਦਾ ਹਿੱਸਾ ਬਣ ਰਹੇ ਹਨ। ਲੋਕ ਵਧੇਰੇ ਅੰਤਰਮੁਖੀ ਹੋ ਰਹੇ ਹਨ। ਅਜਿਹੀ ਸਥਿਤੀ ਵਿਚ ਇਕਲਾਪੇ ਦੇ ਦੁਸ਼ਪ੍ਰਭਾਵਾਂ ਦਾ ਮਨੁੱਖ ਨੂੰ ਚਿੰਬੜਨਾ ਲਗਪਗ ਤੈਅ ਹੈ। ਇਹ ਭੈਅ ਤੇ ਸਹਿਮ ਵਾਲੇ ਮਾਹੌਲ ਵਿਚ ਆਪਸੀ ਰਿਸ਼ਤਿਆਂ ਦਾ ਵੀ ਘਾਣ ਹੋ ਰਿਹਾ ਹੈ ਭਾਰਤੀ ਸੰਸਕ੍ਰਿਤੀ ਦੀ ਸਭ ਤੋਂ ਮਹੱਤਵਪੂਰਨ ਰਸਮ ਅੰਤਿਮ ਸਮੇਂ ਆਪਣੇ ਪਿਆਰਿਆਂ ਨੂੰ ਮੁੱਖ ਅਗਨੀ ਦੇਣ ਤੋਂ ਵੀ ਕਿਨਾਰਾ ਕਰਨ ਦੇ ਸਮਾਚਾਰ ਮਿਲ ਰਹੇ ਹਨ। ਕਈ ਦੇਸ਼ਾਂ ਵਿਚ ਤਾਂ ਡਾਕਟਰ ਇਲਾਜ ਲਈ ਆਏ ਮਰੀਜ਼ਾਂ ਵਿਚੋਂ ਵੀ ਚੋਣ ਕਰਦੇ ਹਨ ਕਿ ਕਿਸ ਦੀ ਜਾਨ ਬਚਾਈ ਜਾਵੇ ਅਤੇ ਕਿਸ ਨੂੰ ਮਰਨ ਲਈ ਛੱਡ ਦਿੱਤਾ ਜਾਵੇ। ਹਾਲਾਂਕਿ ਜਾਨ ਤਾਂ ਹਰੇਕ ਹੀ ਕੀਮਤੀ ਹੈ ਪਰ ਫਿਰ ਵੀ ਇਹ ਵਰਤਾਰਾ ਵਾਪਰ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਜਨਮ ਦਿਨ ’ਤੇ ਵਿਸ਼ੇਸ਼ ‘ਸਆਦਤ ਹਸਨ ਮੰਟੋ’ : ਟੋਭਾ ਟੇਕ ਸਿੰਘ 

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ‘ਖ਼ਲੀਫਾ ਬੱਕਰ’ 

ਇਸ ਮਹਾਮਾਰੀ ਕਾਰਨ ਹੋਏ ਲਾਕਡਾਊਨ ਕਾਰਨ ਅਪਣਾਈ ਜਾ ਰਹੀ ਸਮਾਜਿਕ ਦੂਰੀ ਦੇ ਚੱਲਦਿਆਂ ਆੱਨਲਾਈਨ ਵਿਆਹ, ਰਿਸ਼ਤੇਦਾਰਾਂ ਦਾ ਵਿਆਹ ਵਿਚ ਆੱਨਲਾਈਨ ਸ਼ਾਮਲ ਹੋਣਾ, ਸਮਾਜਿਕ ਤੇ ਪਰਿਵਾਰਿਕ ਸਮਾਗਮਾਂ ਵਿਚ ਲੋਕਾਂ ਦੀ ਗਿਣਤੀ ਦਾ ਸੀਮਿਤ ਹੋਣਾ, ਵਿਦਿਅਕ ਅਦਾਰਿਆਂ ਦਾ ਆਨਲਾਈਨ ਪੜ੍ਹਾਈ ਕਰਾਉਣਾ, ਬੁੱਧੀਜੀਵੀਆਂ ਦੀਆਂ ਗੋਸ਼ਟੀਆਂ ਤੇ ਸੈਮੀਨਾਰਾਂ ਦਾ ‘ਵੈਬੀਨਾਰ’ ਵਿਚ ਬਦਲ ਜਾਣ ਦਾ ਵਰਤਾਰਾ ਵੀ ਚਲਨ ਵਿਚ ਆ ਰਿਹਾ ਹੈ। ਭਾਵੇਂ ਇਹ ਸਭ ਕੁਝ ਮਜਬੂਰੀ ਵੱਸ ਹੀ ਸਹੀ ਪਰ ਇਸਨੂੰ ਇਕ ਬਦਲ ਦੇ ਰੂਪ ਵਿਚ ਅਪਣਾਇਆ ਜਾ ਰਿਹਾ ਹੈ। 

ਜਦੋਂ ਵੀ ਕੋਈ ਵਿਸ਼ਵ ਵਿਆਪੀ ਸੰਕਟ ਆਉਂਦਾ ਹੈ ਤਾਂ ਉਸ ਦਾ ਪ੍ਰਭਾਵ ਬਹੁਪੱਖੀ ਹੁੰਦਾ ਹੈ। ਭਾਵੇਂ ਕੋਰੋਨਾ ਵਾਇਰਸ ਨੇ ਹਮਲਾ ਸਿੱਧੇ ਰੂਪ ਵਿਚ ਮਨੁੱਖ ਦੀ ਸਿਹਤ ਤੇ ਕੀਤਾ ਹੈ ਪਰ ਅਸਿੱਧੇ ਰੂਪ ਵਿਚ ਮਨੁੱਖ ਦੀਆਂ ਆਰਥਿਕ, ਸਮਾਜਿਕ ਤੇ ਮੁਲਕਾਂ ਦੀਆਂ ਰਾਜਨੀਤਕ ਪ੍ਰਸਥਿਤੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜੇਕਰ ਇਸ ਦਾ ਪ੍ਰਭਾਵ ਸਮਾਜ ’ਤੇ ਪੈਂਦਾ ਹੈ ਤਾਂ ਸਾਹਿਤ ਉੱਤੇ ਵੀ ਇਸ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਕਿਉਂਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਮੋੜਵੇਂ ਰੂਪ ਵਿਚ ਸਮਾਜ ਨੂੰ ਉਹੀ ਪਰੋਸਦਾ ਹੈ, ਜੋ ਸਮਾਜ ਉਸ ਨੂੰ ਕੱਚੇ ਮਸਾਲੇ ਦੇ ਰੂਪ ਵਿਚ ਪ੍ਰਦਾਨ ਕਰਦਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜੋ ਸ਼ਾਇਦ ਸਾਧਾਰਨ ਪ੍ਰਸਥਿਤੀਆਂ ਵਿਚ ਨਾ ਵਾਪਰਦੀਆਂ। ਅਜਿਹਾ ਬਹੁਤ ਕੁਝ ਹੈ ਜੋ ਨਾਟਕੀ ਰੂਪ ਵਿਚ ਘਟਿਤ ਹੋਇਆ ਹੈ।

ਕਿਉਂਕਿ ਸਾਹਿਤਕਾਰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਡੂੰਘੀ ਨੀਝ ਨਾਲ ਵੇਖਦਾ ਅਤੇ ਚਿਤਵਦਾ ਹੈ। ਇਸ ਲਈ ਇਕ ਸਾਹਿਤਕਾਰ ਨੂੰ ਅਜਿਹੀਆਂ ਨਿਵੇਕਲੀਆਂ ਘਟਨਾਵਾਂ ਸਾਹਿਤ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਬਹੁਤ ਸਾਰੀਆਂ ਕਵਿਤਾਵਾਂ, ਗੀਤ, ਲੇਖ ਤੇ ਮਿੰਨੀ ਕਹਾਣੀਆਂ ਇਸ ਕਾਲ ਦੌਰਾਨ ਸਾਹਿਤਕਾਰਾਂ ਵਲੋਂ ਅਖ਼ਬਾਰਾਂ, ਰਸਾਲਿਆਂ ਸੋਸ਼ਲ ਮੀਡੀਆ ’ਤੇ ਵੇਖਣ ਨੂੰ ਮਿਲ ਰਹੀਆਂ ਹਨ। ਸਾਹਿਤ ਦੀਆਂ ਦੂਸਰੀਆਂ ਵੰਨਗੀਆਂ ਜਿਵੇਂ ਕਹਾਣੀ, ਨਾਟਕ, ਨਾਵਲ ਲਈ ਇਸ ਕਾਲ ਵਿਚ ਅਸੀਮ ਸੰਭਾਵਨਾਵਾਂ ਹਨ। ਲੋਕਾਂ ਦਾ ਕਈ ਸੌ ਮੀਲ ਪੈਦਲ ਤੁਰ ਕੇ ਤਰ੍ਹਾਂ-ਤਰ੍ਹਾਂ ਦੀਆਂ ਔਕੜਾਂ ਵਿਚੋਂ ਲੰਘ ਕੇ ਆਪਣੇ ਘਰਾਂ ਤੱਕ ਪੁੱਜਣਾ, ਰੇਲ ਗੱਡੀ ਦੀ ਟਿਕਟ ਦਾ ਇੰਤਜ਼ਾਰ, ਵਿਦੇਸ਼ਾਂ ਵਿਚ ਫਸੇ ਲੋਕਾਂ ਦੀ ਆਪਣੇ ਦੇਸ਼ ਪਰਤਣ ਦੀ ਤਾਂਘ, ਜੀਵਨ ਰੱਖਿਆ ਲਈ ਭੋਜਨ ਜਟਾਉਣ ਤੋਂ ਲੈ ਕੇ ਦੂਸਰੇ ਅਸਮਾਜਿਕ ਅਨਸਰਾਂ ਤੋਂ ਆਪਣੀ ਤੇ ਆਪਣੇ ਪਰਿਵਾਰ ਦੀ ਰੱਖਿਆ ਕਰਨਾ। ਅਜਿਹਾ ਬਹੁਤ ਕੁਝ ਹੈ ਜੋ ਕਿ ਇਹ ਕਾਲ ਸਾਹਿਤ ਲਈ ਢੇਰ ਸਾਰੀਆਂ ਕਹਾਣੀਆਂ ਦੇ ਰੂਪ ਵਿਚ ਆਪਣੀ ਬੁੱਕਲ ਵਿਚ ਸੰਜੋਈ ਬੈਠਾ ਹੈ।

ਪੜ੍ਹੋ ਇਹ ਵੀ ਖਬਰ - ‘ਸਆਦਤ ਹਸਨ ਮੰਟੋ’ ਦੇ ਜਨਮ ਦਿਨ ’ਤੇ ਵਿਸ਼ੇਸ਼ : ‘ਮੈਂ ਕਹਾਣੀ ਕਿਉਂ ਲਿਖਦਾ ਹਾਂ’ 

ਪੜ੍ਹੋ ਇਹ ਵੀ ਖਬਰ - ਝੋਨੇ/ਬਾਸਮਤੀ ਦੀ ਨਰੋਈ ਪਨੀਰੀ ਚੰਗੀ ਫ਼ਸਲ ਦੀ ਬੁਨਿਆਦ : ਖੇਤੀਬਾੜੀ ਮਾਹਿਰ 

PunjabKesari

ਸਾਹਿਤ ਹਮੇਸ਼ਾਂ ਸਮਕਾਲ ਨਾਲ ਨੱਥੀ ਹੋ ਕੇ ਤੁਰਦਾ ਹੈ।ਇਹ ਸਮਕਾਲ ਦੌਰਾਨ ਆਈਆਂ ਤਬਦੀਲੀਆਂ ਨਾਲ ਸੰਵਾਦ ਰਚਾਉਂਦੇ ਹੋਏ ਸਮਕਾਲੀ ਸਮੱਸਿਆਵਾਂ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਜਿਵੇਂ ਵੀਹਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਆਏ ਖਾੜੀ ਸੰਕਟ ਤੋਂ ਬਾਅਦ ਭਾਰਤ ਦੀ ਨਵੀਂ ਆਰਥਿਕ ਨੀਤੀ ਨੇ ਬਹੁਤ ਸਾਰੀਆਂ ਸਮਾਜਿਕ ਤਬਦੀਲੀਆਂ ਅਤੇ ਸਮਕਾਲੀ ਸਾਹਿਤ ਨੂੰ ਜਨਮ ਦਿੱਤਾ ਤੇ 1990 ਬਾਅਦ ਤੋਂ ਹੁਣ ਤੱਕ ਦੇ ਰਚੇ ਸਾਹਿਤ ਨੂੰ ਸਮਕਾਲੀ ਸਾਹਿਤ ਦਾ ਨਾਂ ਦਿੱਤਾ ਜਾਂਦਾ ਹੈ, ਠੀਕ ਉਸੇ ਤਰ੍ਹਾਂ ਸੰਭਵ ਹੈ ਕਿ ਇਸ ਕੋਰੋਨਾ ਕਾਲ ਵਿਚ ਰਚੇ ਗਏ ਸਾਹਿਤ ਨੂੰ ਇਕ ਸਮਾਂ ਬਿੰਦੂ ਮੰਨ ਕੇ ਇਸ ਤੋਂ ਬਾਅਦ ਵਿਚ ਰਚੇ ਗਏ ਸਾਹਿਤ ਨੂੰ ‘ਕੋਰੋਨਾ ਕਾਲ ਸਾਹਿਤ’ ਦੇ ਨਾਮ ਨਾਲ ਜਾਣਿਆ ਜਾਵੇ ਤੇ ਇਸ ਨੂੰ ਸਮਕਾਲੀ ਸਾਹਿਤ ਸਵੀਕਾਰ ਲਿਆ ਜਾਵੇ। ਇਸ ਤੋਂ ਪਹਿਲਾਂ ਰਚੇ ਗਏ ਸਾਹਿਤ ਨੂੰ ਕੋਰੋਨਾ ਕਾਲ ਤੋਂ ਪਹਿਲਾ (ਪ੍ਰੀ-ਕੋਰੋਨਾ ਕਾਲ) ਸਾਹਿਤ ਖਿਆਲ ਕੀਤਾ ਜਾਵੇ।

ਕਹਿੰਦੇ ਹਨ ਕਿ ਜਦੋਂ ਤੂਫਾਨ ਆਉਂਦਾ ਹੈ ਤਾਂ ਬਹੁਤ ਕੁਝ ਉਜੜਦਾ ਹੈ ਪਰ ਇਹ ਆਪਣੇ ਵਹਾਅ ਨਾਲ ਬਹੁਤ ਕੁਝ ਇਕੱਠਾ ਵੀ ਕਰ ਦਿੰਦਾ ਹੈ। ਪੂਰੇ ਵਿਸ਼ਵ ਦਾ ਇਸ ਮਹਾਮਾਰੀ ਵਿਰੱਧ ਇਕੱਠੇ ਹੋਣਾ ਇਸੇ ਦੀ ਉਦਾਹਰਣ ਹੈ। ਵੈਸੇ ਵੀ ਇਤਿਹਾਸ ਗਵਾਹ ਹੈ ਕਿ ਮਨੁੱਖ ਇਨ੍ਹਾਂ ਤੂਫਾਨਾਂ ਵਿਚੋਂ ਹਮੇਸ਼ਾ ਜੇਤੂ ਬਣ ਕੇ ਉਭਰਿਆ ਹੈ। ਭਾਵ ਮਾੜੇ ਵਿਚੋਂ ਵੀ ਕੁਝ ਨਾ ਕੁਝ ਚੰਗਾ ਹੋਣ ਦੀ ਸੰਭਾਵਨਾ ਹਮੇਸ਼ਾ ਰਹੀ ਹੈ।ਇਸ ਕਰੋਨਾ ਦੌਰ ਦੌਰਾਨ ਵਾਪਰਨ ਵਾਲੀਆਂ ਘਟਨਾਂਵਾਂ ਤੇ ਤਬਦੀਲੀਆਂ ਸਦਕਾ ਜੋ ਕੁਝ ਵਾਪਰਿਆ ਹੈ, ਉਸਦਾ ਸਾਹਿਤ ਦੇ ਰੂਪ ਵਿਚ ਸੰਜੋਇਆ ਜਾਣਾ ਮਾੜੇ ਵਿਚੋਂ ਚੰਗਾ ਹੋਣ ਦੀ ਸੰਭਾਵਨਾ ਹੀ ਹੈ। ਭਾਵੇਂ ਇਹ ਸਾਹਿਤ ਹਾਲੇ ਪਨਪ ਰਿਹਾ ਹੈ, ਰਸ ਰਿਹਾ ਹੈ, ਪੱਕ ਰਿਹਾ ਹੈ ਪਰ ਇਸ ਦੇ ਪੱਕ ਜਾਣ ਉਪਰੰਤ ਸਾਹਿਤ ਦੇ ਇਕ ਨਿਵੇਕਲੇ ਕਾਲ ਦੀ ਭਰਪੂਰ ਸੰਭਾਵਨਾ ਦਿਖਾਈ ਦੇ ਰਹੀ ਹੈ। ਜਿੱਥੇ ਕੁਝ ਫਿਲਮ ਨਿਰਮਾਤਾਵਾਂ ਨੇ ਇਸ ਵਿਸ਼ੇ ’ਤੇ ਫਿਲਮ ਨਿਰਮਾਣ ਦੇ ਸੰਕੇਤ ਦਿੱਤੇ ਹਨ, ਉੱਥੇ ਆਉਣ ਵਾਲੇ ਸਮੇਂ ਵਿਚ ਇਸ ਕਾਲ ਨਾਲ ਸਬੰਧਤ ਨਾਵਲ, ਕਹਾਣੀਆਂ, ਨਾਟਕ ਆਦਿ ਵੀ ਵੇਖਣ ਨੂੰ ਮਿਲਣਗੇ, ਜਿਨ੍ਹਾਂ ਤੋਂ ਅਸੀਂ ਆਪਣੇ ਸਾਹਿਤ ਵਿਚ ਗਿਣਾਤਮਕ ਤੇ ਗੁਣਾਤਮਿਕ ਪੱਖੋਂ ਚੋਖਾ ਯੋਗਦਾਨ ਪਾਉਣ ਦੀ ਆਸ ਰੱਖਦੇ ਹਾਂ।   

ਇੰਦਰਜੀਤ ਪਾਲ
90855426160ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur