ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ! ਪੰਜਾਬ ਦੇ ਇਸ ਇਲਾਕੇ ਲਈ ਸਖ਼ਤ ਹੁਕਮ ਜਾਰੀ
Wednesday, Nov 19, 2025 - 06:33 PM (IST)
ਗੁਰਦਾਸਪੁਰ (ਹਰਮਨ): ਸਪੈਸ਼ਲ ਸਕੱਤਰ, ਟੂਰਿਜ਼ਮ ਐਂਡ ਕਲਚਰੱਲ ਅਫੇਅਰਜ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਤੋਂ 22 ਨਵੰਬਰ ਤਕ ਕੱਢੇ ਜਾਣੇ ਹਨ ਅਤੇ ਨਗਰ ਕੀਰਤਨ ਵਾਲੇ ਰੂਟਾਂ ਉੱਤੇ ਸਥਿਤ ਮੀਟ ਅਤੇ ਸ਼ਰਾਬ ਦੀ ਦੁਕਾਨਾਂ ਨੂੰ ਬੰਦ ਕਰਨ ਲਈ ਸਬੰਧਤ ਅਥਾਰਟੀਜ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ।
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਨੂੰ ਗੁਰਦੁਆਰਾ ਸੰਗਤਸਰ, ਪਿੰਡ ਹਰਦੋਬਥਵਾਲਾ, ਜਿਲ੍ਹਾ ਗੁਰਦਾਸਪੁਰ ਤੋਂ ਆਰੰਭ ਹੋਣਾ ਹੈ, ਜੋ ਗੁਰਦਾਸਪੁਰ ਸ਼ਹਿਰ ਵਿੱਚੋਂ ਲੰਘਦਾ ਹੋਇਆ ਬਟਾਲਾ ਅਤੇ ਬਟਾਲਾ ਤੋਂ ਜਲੰਧਰ ਰੋਡ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੇ ਖ਼ਤਰੇ ਦੀ ਘੰਟੀ!
ਇਸ ਲਈ,ਅਦਿੱਤਿਆ ਉੱਪਲ, ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਵਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਪੰਜਾਬ ਲੀਕਰ ਲਾਇਸੈਂਸ ਦੇ ਰੂਲ 37(9) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 20 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ ਅਤੇ ਨਗਰ ਕੀਰਤਨ ਵਾਲੇ ਰੂਟ ਉੱਤੇ ਸਾਰੇ ਅੰਗਰੇਜ਼ੀ ਅਤੇ ਦੇਸ਼ੀ ਸਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਖੋਲਣ 'ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਮਨਾਹੀ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਇਜਾਜਤ ਹੈ, 'ਤੇ ਵੀ ਪੂਰਨ ਤੌਰ 'ਤੇ ਲਾਗੂ ਹੋਣਗੇ। ਇਹ ਹੁਕਮ 19 ਨਵੰਬਰ ਯਾਨੀ ਅੱਜ ਜਾਰੀ ਕੀਤਾ ਗਿਆ ਹੈ।
