ਰੰਗ-ਬਿਰੰਗੀਆਂ ਝਾਕੀਆਂ ਨਾਲ ਚੰਡੀਗੜ੍ਹ ਹੈਰੀਟੇਜ ਕਾਰਨੀਵਲ-2025 ਦੀਆਂ ਤਿਆਰੀਆਂ ਸ਼ੁਰੂ
Wednesday, Nov 12, 2025 - 11:43 AM (IST)
ਚੰਡੀਗੜ੍ਹ (ਸ਼ੀਨਾ) : ਸਰਕਾਰੀ ਕਾਲਜ ਆਫ ਆਰਟ ਸੈਕਟਰ-10 ’ਚ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਹੈਰੀਟੇਜ ਕਾਰਨੀਵਲ (14 ਤੋਂ 16 ਨਵੰਬਰ) ਲਈ ਝਾਕੀਆਂ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਦੀਆਂ ਚਾਰ ਵਿਭਾਗੀ ਟੀਮਾਂ ਜਿਸ ’ਚ ਸਕਲਪਚਰ, ਐਪਲਾਈਡ ਆਰਟਸ, ਪੇਂਟਿੰਗ ਤੇ ਗ੍ਰਾਫਿਕਸ ਵਿਲੱਖਣ ਥੀਮਾਂ ਦੇ ਨਾਲ ਕਾਰਨੀਵਲ ’ਚ ਰੰਗ ਭਰਨਗੀਆਂ। ਐਪਲਾਈਡ ਆਰਟਸ ਵਿਭਾਗ ਦੀ ਟੀਮ ਵੱਲੋਂ 'ਮਿਥਿਕਲ ਹਾਰਨ' ਝਾਕੀ ਤਿਆਰੀ ਕੀਤੀ ਹੈ, ਜੋ ਪੁਰਾਣਿਕ ਕਹਾਣੀ ‘ਮਿਥਿਕਲ ਹਾਰਨ’ ’ਤੇ ਆਧਾਰਿਤ ਹੈ।
ਪਿਛਲੇ ਸਾਲ ਬਾਂਸ ਨਾਲ ਝਾਕੀ ਬਣਾਈ ਗਈ ਸੀ। ਇਸ ਵਾਰ ਲੱਕੜ ਦੀ ਪਲਾਈ ਨਾਲ ਢਾਂਚਾ ਤਿਆਰ ਕੀਤਾ ਗਿਆ ਹੈ, ਜੋ ਇਸ ਨੂੰ ਹੋਰ ਵਿਲੱਖਣ ਬਣਾਉਂਦਾ ਹੈ। ਦੂਜੀ ਝਾਕੀ ਮਾਈਨਕ੍ਰਾਫਟ ਥੀਮ ’ਤੇ ਹੈ, ਜੋ ਅਮਿਤ ਅਤੇ ਉਸਦੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ। ਇਸ ’ਚ ਗੇਮਿੰਗ ਕੈਰੈਕਟਰ ਦਰਸਾਏ ਜਾਣਗੇ ਤੇ ਪਲਾਈ ਸਟਰਕਚਰ ਦੀ ਵਰਤੋਂ ਪਹਿਲੀ ਵਾਰੀ ਕੀਤੀ ਗਈ ਹੈ। ਸਕਲਪਚਰ ਵਿਭਾਗ ਦੀ ਟੀਮ ਨੇ 'ਕਾਟਨ ਆਨ ਟਰੇਨ' ਝਾਕੀ ਤਿਆਰ ਕੀਤੀ ਹੈ। ਵਿਦਿਆਰਥੀਆਂ ਨੇ ਪਹਿਲੀ ਵਾਰੀ ਪਲਾਈ, ਕਾਟਨ, ਬਾਂਸ ਅਤੇ ਰੋਪ/ਕਾਪਰ ਵਾਇਰ ਦੀ ਵਰਤੋਂ ਕਰਕੇ ਬਣਾਈ ਹੈ।
ਗ੍ਰਾਫਿਕਸ ਵਿਭਾਗ ਦੀ ਟੀਮ ਨੇ 'ਸੈਂਟਾ ਕਲੌਸ' ਝਾਕੀ ਤਿਆਰ ਕੀਤੀ ਹੈ, ਜੋ ਚੰਡੀਗੜ੍ਹ ਹੈਰੀਟੇਜ ਥੀਮ ’ਤੇ ਆਧਾਰਿਤ ਹੈ। ਚਾਰੇ ਝਾਕੀਆਂ ਵਿਭਾਗਾਂ ਦੀ ਕਲਾ, ਰਚਨਾਤਮਕਤਾ ਤੇ ਵਿਲੱਖਣ ਥੀਮਾਂ ਨੂੰ ਦਰਸਾਉਂਦੀਆਂ ਹਨ। ਕਾਰਨੀਵਲ ਦੌਰਾਨ 14 ਨਵੰਬਰ ਨੂੰ ਲਾਈਵ ਮਿਊਜ਼ਿਕਲ ਬੈਂਡ ਤੇ 15 ਨੂੰ ਪੰਜਾਬੀ ਗਾਇਕ ਹਰਭਜਨ ਮਾਨ ਤੇ 16 ਨੂੰ ਬਾਲੀਵੁੱਡ ਗਾਇਕ ਅਭਿਜੀਤ ਭੱਟਾਚਾਰੀਆ ਕਾਲਜ ਦੀ ਓਪਨ ਗਰਾਊਂਡ ’ਚ ਆਪਣੀ ਗਾਇਕੀ ਦੇ ਰੰਗ ਬਿਖੇਰਦੇ ਨਜ਼ਰ ਆਉਣਗੇ। ਗ੍ਰਾਫਿਕਸ ਵਿਭਾਗ ਦੀ ਅਧਿਆਪਕ ਨੂਤਨ ਨੇ ਕਿਹਾ ਕਿ ਚੰਡੀਗੜ੍ਹ ਕਾਰਨੀਵਲ 2025 ’ਚ ਕਾਲਜ ਵੱਲੋਂ ਤਿਆਰ ਝਾਕੀਆਂ ਤੋਂ ਵੱਡੀ ਉਮੀਦ ਹੈ ਕਿ ਚੰਡੀਗੜ੍ਹ ਹੈਰੀਟੇਜ ਥੀਮ ’ਤੇ ਬਣੀਆਂ ਝਾਕੀਆ ਕਾਰਨੀਵਲ ਨੂੰ ਚਾਰ ਚੰਨ ਲਾ ਦੇਣਗੀਆਂ।
