ਆਓ ਨਵਾਂ ਤੇ ਸਿਹਤਮੰਦ ਭਾਰਤ ਸਿਰਜੀਏ

Tuesday, May 26, 2020 - 03:18 PM (IST)

ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਭਾਰਤ ਵਿਚ ਸਿਹਤ ਢਾਂਚੇ ਅਤੇ ਸਿਹਤ ਦੀਆਂ ਜ਼ਰੂਰੀ ਸਹੂਲਤਾਂ ਬਾਰੇ ਬਹਿਸ ਛਿੜ ਗਈ ਹੈ। ਹਾਲਾਂਕਿ ਕੋਰੋਨਾ ਕਰਕੇ ਬਹੁਤ ਸਾਰੀ ਤਬਾਹੀ ਹੋਈ ਹੈ, ਜਾਨੀ ਮਾਲੀ ਨੁਕਸਾਨ ਵੀ ਹੋਵੇਗਾ ਪਰ ਦੇ ਇਸ ਤੋਂ ਬਾਅਦ ਸਾਡੇ ਦੇਸ਼ ਦਾ ਸਿਹਤ ਢਾਚਾ ਸੁਧਰ ਜਾਵੇ ਤਾਂ ਮੈਂ ਇਸਨੂੰ ਇੱਕ ਪ੍ਰਾਪਤੀ ਸਮਝਾਂਗਾ।

ਅਸੀਂ 1974 ਦੀ ਆਲਮਾ ਆਟਾ ਕਾਨਫਰੰਸ ਦੇ ਸਮੇਂ ਤੋਂ ਹੀ “ਸਭ ਲਈ ਸਿਹਤ” ਦਾ ਨਾਅਰਾ ਸੁਣਦੇ ਆ ਰਹੇ ਹਾਂ। ਉਦੋਂ ਸਾਰੇ ਦੇਸ਼ਾਂ ਨੇ ਸਹੁੰ ਚੁੱਕੀ ਸੀ ਕਿ ਉਹ ਸੰਨ 2000 ਤੱਕ ਦੁਨੀਆਂ ਦੇ ਸਾਰੇ ਬਾਸ਼ਿੰਦਿਆਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਗੇ। ਸੰਨ 2000 ਆਇਆ ਅਤੇ ਚਲਾ ਗਿਆ ਪਰ ਅਸੀਂ “ਸਭ ਲਈ ਸਿਹਤ” ਮੁਹੱਈਆ ਨਹੀਂ ਕਰਾ ਸਕੇ। ਭਾਰਤ ਦੇਸ਼ ਦੀ ਆਜ਼ਾਦੀ ਵੇਲੇ ਭਾਰਤ ਦੇ ਸਿਹਤ ਢਾਂਚੇ ਨੂੰ ਦਰੁਸਤ ਕਰਨ ਲਈ ਬਣੀ ਭੋਰ‌ ਕਮੇਟੀ ਦੀ ਰਿਪੋਰਟ ਆਈ ਸੀ| ਇਸ ਕਮੇਟੀ ਨੇ ਕਿਹਾ ਸੀ ਕਿ ਬੀਮਾਰੀ ਦੇ ਇਲਾਜ ਨਾਲੋਂ ਜ਼ਿਆਦਾ ਉਸ ਦੀ ਰੋਕਥਾਮ ਵੱਲ ਧਿਆਨ ਦਿੱਤਾ ਜਾਵੇ। ਸਿਹਤ ਪ੍ਰੋਗਰਾਮ ਇੱਕ ਛੱਤ ਥੱਲੇ ਆਉਣ। ਹਰ 30 ਤੋਂ 40 ਹਜ਼ਾਰ ਦੀ ਆਬਾਦੀ ਪਿੱਛੇ ਇੱਕ ਮੁੱਢਲਾ ਸਿਹਤ ਕੇਂਦਰ ਹੋਵੇ, ਜਿਸ ਵਿਚ ਮਰੀਜ਼ਾਂ ਨੂੰ ਦਾਖ਼ਲ ਕਰ ਕੇ ਇਲਾਜ ਕਰਨ ਤੱਕ ਦਾ ਪ੍ਰਬੰਧ ਹੋਵੇ।

ਇਸ ਕਮੇਟੀ ਨੇ ਇਹ ਵੀ ਕਿਹਾ ਸੀ ਕਿ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ 1000 ਬਿਸਤਰੇ ਦੇ ਸਰਕਾਰੀ ਹਸਪਤਾਲ ਬਣਾਏ ਜਾਣ, ਜਿਥੇ ਹਰ ਤਰ੍ਹਾਂ ਦਾ ਇਲਾਜ ਉਪਲਬਧ ਹੋਵੇ। ਇਸ ਕਮੇਟੀ ਦੀ ਰਿਪੋਰਟ ਨੂੰ 1952 ਵਿੱਚ ਮਨਜ਼ੂਰ ਕੀਤਾ ਗਿਆ ।

ਇਸ ਤੋਂ ਬਾਅਦ ਦੇਸ਼ ਭਰ ਵਿੱਚ ਮੁੱਢਲੇ ਸਿਹਤ ਕੇਂਦਰ ਖੋਲੇ ਗਏ। ਇਹ ਸਿਸਟਮ ਤਿੰਨ ਦਹਾਕੇ ਚੰਗਾ ਕੰਮ ਕਰਦਾ ਰਿਹਾ। ਪਰ ਵੱਧਦੀ ਹੋਈ ਅਬਾਦੀ ਮੁਤਾਬਕ ਮੁੱਢਲੇ ਸਿਹਤ ਕੇਂਦਰਾਂ ਦੀ ਗਿਣਤੀ ਵਧਾਉਣ ਦੀ ਥਾਂ ਸਰਕਾਰ ਨੇ ਇਨ੍ਹਾਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ। ਜ਼ਿਲ੍ਹਾ ਪੱਧਰ ਦੇ ਹਸਪਤਾਲ ਤਾਂ ਬਣੇ ਹੀ ਨਹੀਂ ਸਨ। ਸਿਹਤ ਮਹਿਕਮੇ ਵਿਚ ਨਵੀਆਂ ਭਰਤੀਆਂ ਪਿਛਲੇ ਇਕ ਦਹਾਕੇ ਤੋਂ ਬੰਦ ਪਈਆਂ ਹਨ। ਕੁਝ ਮੁਲਾਜ਼ਮਾਂ ਨੂੰ ਠੇਕੇ ’ਤੇ ਜ਼ਰੂਰ ਰੱਖਿਆ ਗਿਆ ਹੈ। ਇਸ ਕਰਕੇ ਮੁੱਢਲੇ ਸਿਹਤ ਕੇਂਦਰਾਂ ’ਤੇ ਵੱਡੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਦੀ ਕਾਫੀ ਘਾਟ ਹੈ। ਜਦੋਂ ਕੇਂਦਰੀ ਅਤੇ ਪ੍ਰਦੇਸ਼ ਸਰਕਾਰਾਂ ਆਪਣੀ ਘਰੇਲੂ ਉਤਪਾਦ ਦਾ ਦੋ ਪ੍ਰਤੀਸ਼ਤ ਤੋਂ ਵੀ ਘੱਟ ਹਿੱਸਾ ਸਿਹਤ ਅਤੇ ਖਰਚਦੀਆਂ ਹੋਣ ਤਾਂ ਅਸੀਂ ਹੋਰ ਕੁੱਝ ਦੀ ਉਮੀਦ ਕਿਵੇਂ ਰੱਖ ਸਕਦੇ ਹਾਂ। ਬੀਮਾਰੀਆਂ ਦੀ ਰੋਕਥਾਮ ਬਾਰੇ ਤਾਂ ਕਦੀ ਸੋਚਿਆ ਹੀ ਨਹੀਂ ਗਿਆ। ਪੂਰੇ ਦੇਸ਼ ਵਿਚ ਐਪੀਡੀਮੋਲੋਜਿਸਟ ਦੀ ਘਾਟ ਹੈ। ਕੋਈ ਵੀ ਮੈਡੀਕਲ ਗ੍ਰੈਜੂਏਟ ਸੋਸ਼ਲ ਪ੍ਰੀਵੈਟਿਵ ਮੈਡੀਸਨ ਦੀ ਡਿਗਰੀ ਕਰਨ ਦੀ ਨਹੀਂ ਸੋਚਦਾ, ਕਿਉਂਕਿ ਇਸ ਤੋਂ ਬਾਅਦ ਨੌਕਰੀ ਨਹੀਂ ਮਿਲਦੀ।

ਜਦੋਂ ਪਿੰਡਾਂ ਤੋਂ ਸ਼ਹਿਰਾਂ ਵੱਲ ਪਲਾਇਨ ਹੋ ਰਿਹਾ ਸੀ ਤਾਂ ਸ਼ਾਇਦ ਸਾਡੇ ਯੋਜਨਾ ਕਰਤਾ ਸੁੱਤੇ ਪਏ ਸਨ। ਇਨ੍ਹਾਂ ਪ੍ਰਵਾਸੀਆਂ ਨੇ ਝੁੱਗੀਆਂ ਝੌਂਪੜੀਆਂ ਵਿਚ ਟਿਕਾਣਾ ਕਰ ਲਿਆ। ਏਥੇ ਕੋਈ ਸਫ਼ਾਈ ਨਹੀਂ। ਸਾਫ਼ ਹਵਾ ਅਤੇ ਪਾਣੀ ਦਾ ਪ੍ਰਬੰਧ ਨਹੀਂ। ਛੋਟੇ ਜਿਹੇ ਕਮਰੇ ਵਿਚ ਦਰਜਨ ਤੋਂ ਵੱਧ ਵਿਅਕਤੀ ਰਹਿਣ ਲਈ ਮਜਬੂਰ ਹਨ। ਕੋਰੋਨਾ ਵਰਗੀ ਲਾਗ ਦੀ ਬੀਮਾਰੀ ਵਿੱਚ ਤਾਂ ਇਨ੍ਹਾਂ ਦਾ ਬਚਣਾ ਬਹੁਤ ਮੁਸ਼ਕਲ ਹੈ ।

ਸਰਕਾਰ ਨੇ ਸਿਹਤ ਬੀਮਾ ਸਕੀਮ ਬਣਾ ਕੇ ਸੋਚਿਆ ਕਿ ਸਾਡਾ ਫ਼ਰਜ਼ ਪੂਰਾ ਹੋ ਗਿਆ। ਹੁਣ ਲੋਕਾਂ ਦਾ ਇਲਾਜ ਨਿਜੀ ਖੇਤਰ ਕਰੇਗਾ। ਕੋਰੋਨਾ ਮਹਾਮਾਰੀ ਨੇ ਸਿਹਤ ਸੰਬੰਧੀ ਸਾਡੀਆਂ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜਦੋਂ ਅਸੀਂ ਆਮ ਨਾਗਰਿਕ ਨੂੰ ਰਹਿਣ ਦੇ ਲਈ ਸਾਫ਼ ਸੁਥਰਾ ਘਰ, ਸਵੱਛ ਵਾਤਾਵਰਨ ,ਕੰਮ ਲਈ ਰੋਜ਼ਗਾਰ ,ਬੀਮਾਰੀਆਂ ਤੋਂ ਬਚਣ ਦੀ ਤਾਕਤ ਨਹੀਂ ਦੇ ਸਕੇ ਤਾਂ ਇਸਦਾ ਅਜਿਹਾ ਨਤੀਜਾ ਆਉਣਾ ਸੁਭਾਵਿਕ ਹੀ ਸੀ। 

ਅਜੇ ਇਹੋ ਜਿਹੀਆਂ ਮਹਾਮਾਰੀਆਂ ਹੋਰ ਵੀ ਹੋਣਗੀਆਂ। ਆਓ ਇਕ ਸਮਾਂ ਬੱਧ ਯੋਜਨਾ ਬਣਾਈਏ। ਆਪਣੇ ਵਾਤਾਵਰਣ ਨੂੰ, ਆਪਣੀ ਰਹਿਣ ਦੀ ਥਾਂ, ਗਲੀ-ਮੁਹੱਲੇ ਆਪਣੇ ਸਿਹਤ ਢਾਂਚੇ ਅਤੇ ਸਭ ਤੋਂ ਜ਼ਰੂਰੀ ਸਿਹਤ ਪ੍ਰਤੀ ਆਪਣੀ ਸੋਚ ਨੂੰ ਬਦਲੀਏ। ਆਓ ਇਹ ਤਿਆਰੀ ਕਰੀਏ ਤਾਂ ਕਿ ਸਾਨੂੰ ਦੁਬਾਰਾ ਕਿਸੇ ਤਾਲੇਬੰਦੀ ਦਾ ਸਾਹਮਣਾ ਨਾ ਕਰਨਾ ਪਵੇ।

PunjabKesari

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324


rajwinder kaur

Content Editor

Related News