ਸੁੱਖਣਵਾਲਾ ਦੇ ਗੁਰਵਿੰਦਰ ਸਿੰਘ ਕਤਲ ਕਾਂਡ ''ਚ ਨਵਾਂ ਮੋੜ
Friday, Dec 05, 2025 - 06:04 PM (IST)
ਫਰੀਦਕੋਟ (ਰਾਜਨ) : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਵਿੱਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੋਏ ਗੁਰਵਿੰਦਰ ਸਿੰਘ ਕਤਲ ਮਾਮਲੇ ਵਿਚ ਫਰੀਦਕੋਟ ਪੁਲਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਸ ਨੇ ਤੀਜਾ ਦੋਸ਼ੀ ਵਿਸ਼ਵਜੀਤ ਕੁਮਾਰ ਉਰਫ਼ ਪੀਚਾ ਪੁੱਤਰ ਮਿੱਠੂ ਰਾਮ ਵਾਸੀ ਡੱਬਵਾਲੀ (ਹਰਿਆਣਾ) ਨੂੰ ਨੈਸ਼ਨਲ ਹਾਈਵੇਅ ਚਹਿਲ ਪੁੱਲ ਨੇੜੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਵਾਰਦਾਤ ਦੌਰਾਨ ਵਰਤੀ ਗਈ ਕਾਰ ਵੀ ਸਿੱਖਾ ਵਾਲਾ ਬੀੜ ਵਿਚੋਂ ਬਰਾਮਦ ਕਰ ਲਈ ਗਈ ਹੈ। ਬੀਤੇ ਦਿਨੀਂ ਰਾਤ ਨੂੰ ਪਿੰਡ ਸੁੱਖਣਵਾਲਾ ਦੇ ਗੁਰਵਿੰਦਰ ਸਿੰਘ ਦੇ ਕਤਲ ਸਬੰਧੀ ਸੂਚਨਾ ਮਿਲਣ ‘ਤੇ ਮ੍ਰਿਤਕ ਦੀ ਭੈਣ ਮਨਵੀਰ ਕੌਰ ਦੇ ਬਿਆਨਾਂ ਅਧਾਰ 'ਤੇ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਉਸਦੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਵਾਸੀ ਬੱਲੂਆਣਾ (ਜ਼ਿਲ੍ਹਾ ਬਠਿੰਡਾ) ਖ਼ਿਲਾਫ਼ ਥਾਣਾ ਸਦਰ ਫਰੀਦਕੋਟ ਵਿਚ ਮੁਕੱਦਮਾ ਦਰਜ ਕਰਕੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਸੀ। ਫਰੀਦਕੋਟ ਪੁਲਸ ਵੱਲੋਂ ਜੋਗੇਸ਼ਵਰ ਸਿੰਘ ਗੋਰਾਇਆ ਐੱਸ.ਪੀ (ਇੰਨਵੈਸਟੀਗੇਸ਼ਨ) ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐੱਸ.ਪੀ ਅਤੇ ਅਵਤਾਰ ਸਿੰਘ ਡੀ.ਐੱਸ.ਪੀ. ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ, ਜਿਸ 'ਤੇ ਥਾਣਾ ਮੁਖੀ ਰਜੇਸ਼ ਕੁਮਾਰ ਵੱਲੋਂ ਦੋਸ਼ਣ ਰੁਪਿੰਦਰ ਕੌਰ ਨੂੰ 29 ਨਵੰਬਰ ਅਤੇ ਦੂਸਰੇ ਦੋਸ਼ੀ ਹਰਕੰਵਲਪ੍ਰੀਤ ਸਿੰਘ ਉਰਫ਼ ਲਾਡੀ ਜਿਸਨੇ ਅਦਾਲਤ ਵਿਚ ਆਤਮ ਸਮਰਪਨ ਕੀਤਾ ਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਫੈਕਟਰੀ ਨੂੰ ਲੱਗੀ ਅੱਗ, ਭਿਆਨਕ ਬਣੇ ਹਾਲਾਤ
ਅਦਾਲਤ ਤੋਂ ਰਿਮਾਂਡ ਹਾਸਲ ਕਰਨ ਮਗਰੋਂ ਪੁਲਸ ਜਾਂਚ ਦੌਰਾਨ ਇਹ ਗੱਲ ਬਾਹਰ ਆਈ ਕਿ ਤੀਜਾ ਦੋਸ਼ੀ ਵਿਸ਼ਵਜੀਤ ਕੁਮਾਰ ਉਰਫ਼ ਪੀਚਾ ਵੀ ਸਾਜ਼ਿਸ਼ ਵਿਚ ਸ਼ਾਮਿਲ ਸੀ, ਜੋ ਹਰਕੰਵਲਪ੍ਰੀਤ ਸਿੰਘ ਨੂੰ ਕਾਰ ਵਿਚ ਬਿਠਾ ਕੇ ਵਾਰਦਾਤ ਸਥਾਨ ‘ਤੇ ਲੈ ਕੇ ਗਿਆ ਅਤੇ ਵਾਪਸ ਲੈ ਕੇ ਆਇਆ ਸੀ। ਐੱਸ.ਐੱਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਮੁਤਾਬਕ ਇਹ ਕਤਲ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੀਤਾ ਗਿਆ ਸੀ, ਕਿਉਂਕਿ ਰੁਪਿੰਦਰ ਕੌਰ ਦੇ ਹਰਕੰਵਲਪ੍ਰੀਤ ਸਿੰਘ ਨਾਲ ਸਬੰਧ ਸਨ ਅਤੇ ਦੋਵਾਂ ਵੱਲੋਂ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ। ਦੋਸ਼ੀਆਂ ਵੱਲੋਂ ਵਾਰਦਾਤ ਨੂੰ ਲੁੱਟ ਦੀ ਘਟਨਾ ਦਾ ਰੂਪ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਫਰੀਦਕੋਟ ਪੁਲਸ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਇਹ ਸਾਫ ਸ਼ਬਦਾਂ 'ਚ ਕਿਹਾ ਕਿ ਇਸ ਮਾਮਲੇ ਵਿਚ ਜੇਕਰ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਂਉਂਦੀ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬੀਆਂ ਵੱਲ ਤੇਜ਼ੀ ਨਾਲ ਵੱਧ ਰਿਹਾ ਖ਼ਤਰਾ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼
