ਮਹਿਲ ਕਲਾਂ ਸਬ-ਡਵੀਜ਼ਨ ਨੂੰ ਮਿਲਿਆ ਨਵਾਂ ਐੱਸ.ਡੀ.ਐੱਮ., ਬੇਅੰਤ ਸਿੰਘ ਸਿੱਧੂ ਨੇ ਚਾਰਜ ਸੰਭਾਲਿਆ
Monday, Dec 01, 2025 - 06:48 PM (IST)
ਮਹਿਲ ਕਲਾਂ (ਹਮੀਦੀ)– ਸਬ ਡਿਵੀਜ਼ਨ ਬਾਘਾ ਪੁਰਾਣਾ (ਜ਼ਿਲ੍ਹਾ ਮੋਗਾ) ਤੋਂ ਬਦਲੀ ਹੋ ਕੇ ਆਏ ਐੱਸ.ਡੀ.ਐੱਮ. ਬੇਅੰਤ ਸਿੰਘ ਸਿੱਧੂ ਨੇ ਅੱਜ ਸਬ ਡਵੀਜ਼ਨ ਮਹਿਲ ਕਲਾਂ ਵਿਖੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਆਪਣੇ ਨਵੇਂ ਅਹੁਦੇ ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ.ਡੀ.ਐੱਮ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ कि ਸਬ ਡਿਵੀਜ਼ਨ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਦਫ਼ਤਰ ਵਿੱਚ ਕੰਮ ਲਈ ਆਉਣ ਵੇਲੇ ਕਿਸੇ ਵੀ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।
ਐੱਸ.ਡੀ.ਐੱਮ. ਬੇਅੰਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਸਾਰੇ ਕੰਮ ਪਹਿਲ ਦੇ ਅਧਾਰ ‘ਤੇ ਤੇ ਨਿਰਵਿਘਨ ਤਰੀਕੇ ਨਾਲ ਨਿਪਟਾਏ ਜਾਣਗੇ।ਉਹਨਾਂ ਕਿਹਾ ਕਿ ਪਿੰਡਾਂ ਤੋਂ ਆਉਣ ਵਾਲੇ ਚੁਣੇ ਨੁਮਾਇੰਦਿਆਂ ਨੂੰ ਪੂਰਾ ਬਣਦਾ ਸੰਮਾਨ ਦਿੱਤਾ ਜਾਵੇਗਾ ਅਤੇ ਦਫ਼ਤਰੀ ਕਾਰਵਾਈ ਨੂੰ ਪੂਰੀ ਪਾਰਦਰਸ਼ਤਾ ਨਾਲ ਚਲਾਇਆ ਜਾਵੇਗਾ।ਉਹਨਾਂ ਨੇ ਸਮੂਹ ਗ੍ਰਾਮ ਪੰਚਾਇਤਾਂ, ਕਲੱਬਾਂ, ਪੱਤਰਕਾਰ ਭਾਈਚਾਰੇ ਅਤੇ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਜਨਹਿਤ ਸਮਬੰਧੀ ਕਾਰਜ ਹੋਰ ਚੁਸਤ ਤਰੀਕੇ ਨਾਲ ਨਿਭਾਏ ਜਾ ਸਕਣ।ਇਸ ਮੌਕੇ ਦਫ਼ਤਰ ਦੇ ਸੁਪਰਡੈਂਟ ਹਰਵਿੰਦਰ ਰਾਏ ਕੁਤਬਾ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਨਵੇਂ ਐਸਡੀਐਮ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਸੀਨੀਅਰ ਸਹਾਇਕ ਮੈਡਮ ਗੁਰਮੀਤ ਕੌਰ, ਯੂਨੀਅਨ ਸਹਾਇਕ ਮਨਜੀਤ ਸਿੰਘ, ਕਮਲਜੀਤ ਸਿੰਘ, ਬਿੰਨੂ ਗੋਪਾਲ, ਅਤੇ ਸਿਕੰਦਰ ਸਿੰਘ ਪੰਡੋਰੀ ਵੀ ਹਾਜ਼ਰ ਸਨ।
