ਡਰ ਪਾਉਣ ਦੀ ਰੰਜਿਸ਼ ਤਹਿਤ ਕੰਟਰੈਕਟਰ ਦੇ ਪੁੱਤਰ ’ਤੇ ਕੀਤਾ ਜਾਨਲੇਵਾ ਹਮਲਾ, ਗੰਭੀਰ ਜ਼ਖਮੀ
Thursday, Sep 18, 2025 - 07:32 AM (IST)

ਲੁਧਿਆਣਾ (ਗੌਤਮ) : ਸ਼ੇਰਪੁਰ ਨੇੜੇ ਅੱਧਾ ਦਰਜਨ ਦੇ ਲੱਗਭਗ ਨਕਾਬਪੋਸ਼ਾਂ ਨੇ ਦੁਕਾਨ ਦੇ ਬਾਹਰ ਬੈਠੇ ਇਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੇ ਸਿਰ ਅਤੇ ਹੋਰ ਹਿੱਸਿਆਂ ਵਿਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸਦੀ ਪਛਾਣ ਦਾਸ ਬਿਲਡਰ ਦੇ ਬੇਟੇ ਨਕਾਸ਼ ਗੁਪਤਾ ਵਜੋਂ ਕੀਤੀ ਗਈ ਹੈ। ਹਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੂੰ ਦਿੱਤੀ ਗਈ ਹੈ। ਦਾਸ ਬਿਲਡਰ ਨੇ ਦੱਸਿਆ ਕਿ ਉਸਦੇ ਬੇਟੇ ਤੇ ਟੈਂਡਰ ਬਿਡ ਪਾਉਣ ਦੀ ਰੰਜਿਸ਼ ਵਿਚ ਹਮਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ PM ਮੋਦੀ ਨੂੰ ਲਿਖੀ ਚਿੱਠੀ, ਨਨਕਾਣਾ ਸਾਹਿਬ ਦੀ ਯਾਤਰਾ ਬਹਾਲ ਕਰਨ ਦੀ ਮੰਗ
ਉਸਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਪੰਜਾਬ ਸਰਕਾਰ ਦੀ ਟੈਂਡਰ ਵੈੱਬਸਾਈਟ ’ਤੇ ਮੋਗਾ ਵਿਚ ਹੋਣ ਵਾਲੇ ਕੰਮ ਨੂੰ ਲੈ ਕੇ ਟੈਂਡਰ ਬਿਡ ਪਾਈ ਗਈ ਸੀ, ਜਿਸ ਨੂੰ ਲੈ ਕੇ ਮੋਗਾ ਦੇ ਇਕ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਆਪਣੀ ਬਿਡ ਵਾਪਸ ਲੈਣ ਨੂੰ ਲੈ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਬਿਡ ਵਾਪਸ ਨਾ ਲੈਣ ਨੂੰ ਲੈ ਕੇ ਠੇਕੇਦਾਰ ਵੱਲੋਂ ਉਸ ਨੂੰ ਵਾਰ ਵਾਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬੁੱਧਵਾਰ ਨੂੰ ਜਦੋਂ ਉਸਦਾ ਬੇਟਾ ਦੁਕਾਨ ਦੇ ਬਾਹਰ ਬੈਠਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਇਕ ਕਾਰ ਵਿਚ ਸਵਾਰ 5-6 ਨਾਕਾਬਪੋਸ਼ ਆਏ, ਜਿਨ੍ਹਾਂ ਕੋਲ ਲੋਹੇ ਦਾ ਦਾਤਰ ਸੀ। ਉਨ੍ਹਾਂ ਆਉਂਦੇ ਹੀ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੇਟੇ ਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹਮਲੇ ਦੀ ਵਾਰਦਾਤ ਉਨ੍ਹਾਂ ਦੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8